ਚੋਰਾਂ ਨੇ ਪਿੰਡ ਦੇ ਦੋ ਗੁਰਦੁਆਰਾ ਸਾਹਿਬ ਤੋਂ ਚੁੱਕੀਆਂ ਗੋਲਕਾਂ, ਮਾਮਲਾ ਦਰਜ
Sunday, Jan 28, 2018 - 11:21 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਮੁਕਤਸਰ ਦੇ ਪਿੰਡ ਰੋੜਾਂਵਾਲੀ ਅਤੇ ਜਵਾਹਰੇਵਾਲਾ 'ਚ ਸ਼ੁੱਕਰਵਾਰ ਰਾਤ ਨੂੰ ਚੋਰਾਂ ਵੱਲੋਂ ਦੋ ਗੁਰਦੁਆਰਿਆਂ 'ਚੋਂ ਗੋਲਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਇਕ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੋ ਗੁਟਕਾ ਸਾਹਿਬ ਅਤੇ ਇਕ ਪੋਥੀ ਸਾਹਿਬ ਸਮੇਤ ਹੋਰ ਸਮਾਨ ਸੜ੍ਹ ਗਿਆ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਿੰਡ ਰੋੜਾਂਵਾਲਾ ਦੇ ਗੁਰਦੁਆਰ ਦੁੱਖ ਨਿਵਾਰਨ ਸਾਹਿਬ 'ਚ ਸ਼ੁੱਕਰਵਾਰ ਦੀ ਰਾਤ ਨੂੰ ਚੋਰਾਂ ਨੇ ਰਾਡ ਨਾਲ ਤਾਲਾ ਤੋੜ ਕੇ ਗੋਲਕ ਅਤੇ ਇਕ ਸਿਲੰਡਰ ਲੈ ਗਏ। ਇਸਦੇ ਇਲਾਵਾ ਵੱਡੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ 'ਚ ਪਏ ਸਮਾਨ ਨਾਲ ਛੇੜਛਾੜ ਕੀਤੀ ਪਰ ਉਥੋਂ ਕੁਝ ਚੋਰੀ ਨਹੀਂ ਕੀਤਾ। ਇਸੇ ਪਿੰਡ ਦੇ ਤੀਸਰੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਸਰਬ ਸਾਂਝਾ ਗੁਰਦੁਆਰਾ ਸਾਹਿਬ ਦਾ ਤਾਲਾ ਤੋੜਿਆ ਪਰ ਉਥੋਂ ਕੁਝ ਨਹੀਂ ਮਿਲਿਆ। ਗੁਰਦੁਆਰਾ ਸਾਹਿਬ ਤੋਂ ਚੋਰੀ ਕੀਤਾ ਗੋਲਕ ਪਿੰਡ ਰੱਤੇਵਾਲਾ ਦੇ ਰਸਤੇ 'ਚ ਟੁੱਟਿਆ ਹੋਇਆ ਮਿਲਿਆ। ਜਦ ਸਵੇਰੇ ਪਿੰਡ ਦਾ ਗ੍ਰੰਥੀ ਕੁਲਵੰਤ ਸਿੰਘ ਗੁਰਦੁਆਰਾ ਸਾਹਿਬ 'ਚ ਆਇਆ ਤਾਂ ਉਸਨੇ ਦੇਖਿਆ ਕਿ ਗੁਰਦੁਆਰਾ ਸਾਹਿਬ 'ਚ ਅੱਗ ਲੱਗੀ ਹੋਈ ਸੀ। ਜਿਸਦੇ ਬਾਅਦ ਉਸਨੇ ਪਿੰਡ ਦੇ ਲੋਕਾਂ ਨੂੰ ਸੂਚਨਾ ਦਿੱਤੀ ਅਤੇ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਕਾਰਨ ਅੰਦਰ ਵਿਛੇ 70 ਦੇ ਕਰੀਬ ਗੱਦੇ, ਮੰਜੀ ਸਾਹਿਬ, ਦੋ ਗੁਟਕਾ ਸਾਹਿਬ, ਇਕ ਪੋਥੀ ਸਾਹਿਬ ਸਮੇਤ ਸਾਊਂਡ ਸਿਸਟਮ, ਪਰਦੇ ਆਦਿ ਸੜ ਗਏ। ਇਸਦੇ ਇਲਾਵਾ ਪਿੰਡ ਜਵਾਹਰੇਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰਾਂ ਨੇ ਗੋਲਕ ਸਾਹਿਬ ਚੋਰੀ ਕਰ ਲਿਆ। ਜੋ ਪਿੰਡ ਰੋੜਾਂਵਾਲਾ ਦੇ ਕੱਚੇ ਰਸਤੇ 'ਚ ਪਿਆ ਹੋਇਆ ਮਿਲਿਆ ਹੈ। ਥਾਨਾ ਸਦਰ ਪੁਲਸ ਦੇ ਏ.ਐਸ. ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਣਪਛਾਤੇ ਲੋਕਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।