ਕਿਸਾਨਾਂ ਦੇ ਧਰਨਿਆਂ ਤੋਂ ਧਿਆਨ ਹਟਾਉਣ ਲਈ ਕੇਂਦਰ ਵੱਲੋਂ ਕਿਸੇ ਵੇਲੇ ਵੀ ਹੋ ਸਕਦੈ ਗੁਰਦੁਆਰਾ ਚੋਣਾਂ ਦਾ ਐਲਾਨ

Tuesday, Oct 13, 2020 - 03:39 PM (IST)

ਪਟਿਆਲਾ/ਰੱਖੜਾ (ਰਾਣਾ) : ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਵੱਖ-ਵੱਖ ਥਾਵਾਂ 'ਤੇ ਖੇਤੀ ਸੋਧ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਧਰਨਿਆਂ ਤੋਂ ਆਮ ਜਨਤਾ ਦਾ ਧਿਆਨ ਹਟਾਉਣ ਅਤੇ ਲੋਕਾਂ ਦੀ ਸ਼ਮੂਲੀਅਤ ਘਟਾਉਣ ਲਈ ਕੇਂਦਰ ਸਰਕਾਰ ਦੀ ਹਰੀ ਝੰਡੀ ਉਪਰੰਤ ਗੁਰਦੁਆਰਾ ਕਮਿਸ਼ਨ ਵੱਲੋਂ ਕਿਸੇ ਵੇਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਮਾਮਲਾ ਠੰਡੇ ਬਸਤੇ 'ਚ ਪਿਆ ਹੋਇਆ ਸੀ। ਦੂਜਾ ਕੇਂਦਰ ਸਰਕਾਰ ਵਲੋਂ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਨਾ ਕਰਨ ਕਰ ਕੇ ਇਹ ਮਾਮਲਾ ਲਟਕਿਆ ਹੋਇਆ ਸੀ।

ਇਹ ਵੀ ਪੜ੍ਹੋ : ਅਸ਼ਵਨੀ ਸ਼ਰਮਾ 'ਤੇ ਹੋਏ ਹਮਲੇ ਦੀ ਚੁਘ ਨੇ ਕੀਤੀ ਨਿੰਦਾ

ਪਿਛਲੇ ਦਿਨੀਂ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਹੋਣ ਨਾਲ ਜਿੱਥੇ ਅਕਾਲੀ ਦਲ ਅਤੇ ਹੋਰ ਸਮੁੱਚੇ ਅਕਾਲੀ ਦਲ ਤੋਂ ਬਾਗੀ ਦਲਾਂ ਦੇ ਆਗੂਆਂ 'ਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਹਾਲਾਂਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਐਲਾਨੀਆਂ ਤੌਰ 'ਤੇ ਆਖ ਦਿੱਤਾ ਹੈ ਕਿ ਅਸੀਂ ਆਮ ਚੋਣਾਂ ਲਈ ਤਿਆਰ-ਬ-ਤਿਆਰ ਹਾਂ। ਦੂਜੇ ਪਾਸੇ ਬਾਗੀਆਂ ਵਲੋਂ ਵੀ ਕਮਰ ਕੱਸੇ ਕਰ ਲਏ ਦੱਸੇ ਜਾਂਦੇ ਹਨ। ਇਨ੍ਹਾਂ ਦਲਾਂ 'ਚ ਹਾਲੀਆ ਹੀ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਡੈਮੋਕ੍ਰੇਟਿਕ, ਇਨ੍ਹਾਂ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਬੀਰਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਰਵੀਇੰਦਰ ਸਿੰਘ, ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਅਮਰੀਕ ਸਿੰਘ ਅਜਨਾਲਾ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ, ਜਾਗੋ ਮੁਖੀ ਮਨਜੀਤ ਸਿੰਘ ਜੀ. ਕੇ., ਸੰਤ ਸਮਾਜ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸਿਮਰਨਜੀਤ ਸਿੰਘ ਮਾਨ ਸਮੇਤ ਹੋਰਨਾਂ ਪੰਥ-ਪ੍ਰਸਤਾਂ ਦੇ ਮਨਾਂ ਅੰਦਰ ਵੀ ਗੁਰੂ ਘਰਾਂ ਦੀ ਸੇਵਾ-ਸੰਭਾਲ ਆਪਣੇ ਹੱਥਾਂ 'ਚ ਲੈਣ ਲਈ ਉਤਸੁਕਤਾ ਵਧ ਗਈ ਹੈ। ਭਾਵੇਂ ਕਿ ਇਸ ਸਮੇਂ ਦੌਰਾਨ ਪੂਰੇ ਪੰਜਾਬ, ਹਰਿਆਣਾ ਤੇ ਦਿੱਲੀ 'ਚ ਕੇਂਦਰ ਸਰਕਾਰ ਵਿਰੁੱਧ 'ਖੇਤੀ ਸੋਧ ਕਾਨੂੰਨਾਂ' ਦਾ ਵਿਰੋਧ ਕਰਦਿਆਂ ਧਰਨੇ, ਰੈਲੀਆਂ, ਘਿਰਾਓ ਤੇ ਬੰਦ ਦੇ ਐਲਾਨਾਂ ਕਾਰਨ ਮਾਹੌਲ ਗਰਮਾਇਆ ਹੋਇਆ ਹੈ।

ਇਹ ਵੀ ਮੰਨਣਯੋਗ ਹੈ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕਿਸਾਨਾਂ ਵੱਲੋਂ ਲਾਏ ਜਾ ਰਹੇ ਧਰਨਿਆਂ ਕਾਰਣ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਪੰਜਾਬ ਤੇ ਕੇਂਦਰ ਦਾ ਟਕਰਾਅ ਵੀ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਕੇਂਦਰ ਸਰਕਾਰ ਸ਼ਾਂਤਮਈ ਤਰੀਕੇ ਨਾਲ ਇਸ ਅੰਦੋਲਨ ਨੂੰ ਖਤਮ ਕਰਕੇ ਵਾਹ-ਵਾਹ ਖੱਟਣਾ ਚਾਹੁੰਦੀ ਹੈ, ਉਥੇ ਹੀ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਹਵਾ ਦੇ ਕੇ ਕੇਂਦਰ ਦੀ ਸਰਕਾਰ ਹਿਲਾਉਣ ਲਈ ਕਾਹਲੇ ਦਿਖਾਈ ਦੇ ਰਹੇ ਹਨ। ਗੱਲਬਾਤ ਦੇ ਲੱਭੇ ਬਦਲ ਵੀ ਕੰਮ ਨਹੀਂ ਕਰ ਰਹੇ। ਦੂਜੇ ਪਾਸੇ ਕਿਸਾਨਾਂ ਦੇ ਅੜੀਅਲ ਰਵੱਈਏ ਅੱਗੇ ਸੂਬਾ ਤੇ ਕੇਂਦਰ ਸਰਕਾਰ ਆਗੂ ਤੇ ਅਫਸਰ ਅਸਮਰੱਥ ਦਿਖਾਈ ਦੇ ਰਹੇ ਹਨ। ਇਨ੍ਹਾਂ ਧਰਨਿਆਂ 'ਚ ਕੇਂਦਰ ਸਰਕਾਰ ਵੱਲੋਂ ਗੁਰਦੁਆਰਾ ਚੋਣਾਂ ਕਰਵਾ ਕੇ ਇਕਦਮ ਧਰਨਿਆਂ ਦੀ ਗਰਮਾਇਸ਼ ਨੂੰ ਘਟਾਉਣ ਦੀ ਨਵੀਂ ਕੋਸ਼ਿਸ਼ ਕਰਨ ਦੀ ਤਾਕ ਵਿਚ ਲਗ ਰਹੀ ਹੈ। ਦੂਜੇ ਪਾਸੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਐਲਾਨ ਵੀ ਨਾਲ ਹੀ ਹੋ ਸਕਦਾ ਹੈ, ਜਿਸ ਦੀ ਤਿਆਰੀ ਲਈ ਪੰਜਾਬ ਪੱਧਰ ਦੇ ਆਗੂਆਂ ਨੂੰ ਦਿੱਲੀ ਆਉਣਾ ਜਾਣਾ ਪਵੇਗਾ, ਜਿਸ ਕਾਰਣ ਧਰਨਿਆਂ ਦਾ ਪ੍ਰਭਾਵਿਤ ਹੋਣਾ ਸੁਭਾਵਿਕ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ, ਪਸ਼ੂ ਹਮਲੇ ਕਾਰਣ ਮੌਤ 'ਤੇ ਪਰਿਵਾਰ ਨੂੰ ਮਿਲੇਗਾ ਮੁਆਵਜ਼ਾ

ਸਮੁੱਚੀਆਂ ਜਥੇਬੰਦੀਆਂ ਹੋਣਗੀਆਂ ਇਕ ਮੰਚ 'ਤੇ ਇਕੱਠੀਆਂ?
ਪਿਛਲੇ ਲੰਮੇਂ ਸਮੇਂ ਤੋਂ ਸ਼੍ਰੋਮਣੀ ਗੁਰਦਆਰਾ ਪ੍ਰੰਬਧਕ ਕਮੇਟੀ ਪੰਜਾਬ, ਹਰਿਆਣਾ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਰਾਹੀਂ ਬਾਦਲਾਂ ਦੇ ਚਹੇਤਿਆਂ ਵੱਲੋਂ ਚਲਾਏ ਜਾ ਰਹੇ ਪ੍ਰਬੰਧਾਂ ਵਾਲੇ ਕਬਜ਼ੇ ਨੂੰ ਹਟਾਉਣ ਲਈ ਪੰਥ-ਪ੍ਰਸਤ ਦਲਾਂ ਨੂੰ ਅਤੇ ਸਮੁੱਚੀਆਂ ਜਥੇਬੰਦੀਆਂ ਦੇ ਇਕ ਮੰਚ 'ਤੇ ਇਕੱਠਾ ਹੋਣ ਦੀਆਂ ਕਨਸੋਆਂ ਨੇ ਵੀ ਜ਼ੋਰ ਫੜ੍ਹਨਾ ਸ਼ੁਰੂ ਕਰ ਦਿੱਤਾ ਹੈ।

ਕਾਂਗਰਸ ਅਤੇ 'ਆਪ' ਅੰਦਰਲੇ ਸਿੰਘਾਂ ਦੀਆਂ ਵੋਟਾਂ ਕਿਸ ਧੜ੍ਹੇ ਨੂੰ ਪੈਣਗੀਆਂ?
ਬੇਸਬਰੀ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਉਡੀਕ ਕੀਤੀ ਜਾ ਰਹੀ ਸੀ, ਜੋ ਹੁਣ ਲਗਭਗ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਪਰ ਸਵਾਲ ਇਹ ਹੈ ਕਿ ਇਨ੍ਹਾਂ ਦੋਹਾਂ ਪਾਰਟੀਆਂ ਸਮੇਤ ਹੋਰਨਾਂ ਸਿਆਸੀ ਦਲ ਜੋ ਗੁਰਦੁਆਰਾ ਪ੍ਰਬੰਧ ਦੀਆਂ ਆਮ ਚੋਣਾਂ ਨਹੀਂ ਲੜਦੇ। ਇਨ੍ਹਾਂ ਪਾਰਟੀਆਂ ਅੰਦਰਲੇ ਸਿੰਘਾਂ ਦੀਆਂ ਵੋਟਾਂ ਕਿਸੇ ਧੜ੍ਹੇ ਨੂੰ ਪੈਣਗੀਆਂ, ਇਹ ਸਵਾਲ ਹਾਲੇ ਤੱਕ ਸਵਾਲ ਹੀ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ :  ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬੀ ਗਾਇਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢੀ ਭੜਾਸ, ਸੁਣਾਈਆਂ ਖਰ੍ਹੀਆਂ-ਖਰ੍ਹੀਆਂ

ਭਾਈ ਢੱਡਰੀਆਂ ਵਾਲਿਆਂ ਨਾਲ ਜੁੜੇ ਸਿੰਘਾਂ ਦੀਆਂ ਵੋਟਾਂ ਵੀ ਕਰਨਗੀਆਂ ਅਹਿਮ ਫੈਸਲਾ
ਪਿਛਲੇ ਲੰਮੇਂ ਸਮੇਂ ਤੋਂ ਦੁਨੀਆਂ ਭਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਅਤੇ ਅੰਮ੍ਰਿਤ ਸੰਚਾਰ ਕਰਵਾ ਕੇ ਗੁਰੂ ਲੜ ਲਾਉਣ ਵਾਲੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਜੁੜਿਆ ਇਕ ਵੱਡਾ ਸਮੂਹ ਵੀ ਅੰਮ੍ਰਿਤਧਾਰੀ ਹੈ। ਗੁਰਦੁਆਰਾ ਚੋਣਾਂ 'ਚ ਇਨ੍ਹਾਂ ਸਿੰਘਾਂ ਦੀਆਂ ਵੋਟਾਂ ਵੀ ਅਹਿਮ ਫੈਸਲਾ ਕਰਨਗੀਆਂ, ਕਿਉਂਕਿ ਇਹ ਵੋਟ ਬੈਂਕ ਹਾਲੇ ਤੱਕ ਸਿੱਧੇ ਰੂਪ 'ਚ ਕਿਸੇ ਵੀ ਧਾਰਮਿਕ ਅਤੇ ਰਾਜਨੀਤਕ ਦਲ ਨਾਲ ਨਹੀਂ ਜੁੜਿਆ ਹੋਇਆ। ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਗੁਰਦੁਆਰਾ ਪ੍ਰਮੇਸ਼ਰ ਦੁਆਰ ਸਾਹਿਬ ਸ਼ੇਖੂਪੁਰ ਵਿਖੇ ਨਤਮਸਤਕ ਹੋਣ ਲਈ ਪਹੁੰਚ ਸਕਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਗੈਸ ਏਜੰਸੀ ਦੇ ਕਰਿੰਦੇ ਤੋਂ ਲੁੱਟ ਦੀ ਕੋਸ਼ਿਸ਼, ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖਮੀਂ


Anuradha

Content Editor

Related News