ਪੰਜਾਬੀਆਂ ਲਈ ਮਾਣ ਵਾਲੀ ਗੱਲ, ਪਟਿਆਲਾ ਦਾ ਜੰਮਪਲ ਨੌਜਵਾਨ ਆਸਟ੍ਰੇਲੀਆ ’ਚ ਬਣਿਆ 'ਕੌਂਸਲਰ'

Wednesday, Oct 27, 2021 - 02:52 PM (IST)

ਪੰਜਾਬੀਆਂ ਲਈ ਮਾਣ ਵਾਲੀ ਗੱਲ, ਪਟਿਆਲਾ ਦਾ ਜੰਮਪਲ ਨੌਜਵਾਨ ਆਸਟ੍ਰੇਲੀਆ ’ਚ ਬਣਿਆ 'ਕੌਂਸਲਰ'

ਪਟਿਆਲਾ (ਬਲਜਿੰਦਰ) : ਪਟਿਆਲਾ ਸ਼ਹਿਰ ਦਾ ਜੰਮਪਲ ਗੁਰਦੀਪ ਸਿੰਘ ਗੈਰੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਹੋਈਆਂ ਮਿਊਂਸੀਪਲ ਕੌਂਸਲਰ ਦੀਆਂ ਚੋਣਾਂ ’ਚ ਜਿੱਤ ਪ੍ਰਾਪਤ ਕਰ ਕੇ ਕੌਂਸਲਰ ਬਣ ਗਿਆ। ਜ਼ਿਕਰਯੋਗ ਹੈ ਕਿ ਗੈਰੀ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਨੌਜਵਾਨ ਪਟਿਆਲਾ ਸ਼ਹਿਰ ਦੇ ਪ੍ਰਤਾਪ ਨਗਰ ਇਲਾਕੇ ਦਾ ਜੰਮਪਲ ਹੈ, ਜੋ ਸਾਲ 2005 ਤੋਂ ਆਸਟ੍ਰੇਲੀਆ ਵਿਖੇ ਰਹਿ ਰਿਹਾ ਹੈ। ਗੁਰਦੀਪ ਸਿੰਘ ਗੈਰੀ ਇਕ ਉਹ ਅਗਾਂਹਵਧੂ ਨੌਜਵਾਨ ਹੈ, ਜਿਸ ਨੇ 2012 ’ਚ ਕੌਬਰਨ (ਨਗਰ ਨਿਗਮ) ਵਿਚ ਸੇਫਟੀ ਤੇ ਸੁਰੱਖਿਆ ਸਰਵਿਸ ਵਿਚ ਐਡਮਿਨ ਅਫ਼ਸਰ ਵੱਜੋਂ ਕੰਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ : 'ਕੈਪਟਨ' ਦੀ ਪ੍ਰੈੱਸ ਕਾਨਫਰੰਸ ਦੌਰਾਨ ਨਵਜੋਤ ਸਿੱਧੂ ਨੇ ਕੱਢੀ ਭੜਾਸ, ਟਵੀਟ ਕਰਕੇ ਆਖੀ ਇਹ ਗੱਲ

ਗੈਰੀ ਸਿੰਘ 2014 ਅਤੇ 2017 ਵਿਚ ਜਿੱਥੇ ‘ਇੰਪਲਾਈ ਆਫ ਦੀ ਮੰਥ’ ਦਾ ਇਨਾਮ ਜਿੱਤ ਚੁੱਕਿਆ ਹੈ, ਉੱਥੇ ਹੀ 2017 ਵਿਚ ਹੀ ‘ਇੰਪਲਾਈ ਆਫ ਦੀ ਈਅਰ’ ਖ਼ਿਤਾਬ ਵੀ ਆਪਣੇ ਨਾਂ ਕਰਵਾ ਚੁੱਕਾ ਹੈ। ਪਟਿਆਲਾ ਦੇ ਸਿਵਲ ਲਾਈਨ ਸਕੂਲ ਵਿਖੇ ਮੁੱਢਲੀ ਪੜ੍ਹਾਈ ਕਰਨ, ਖਾਲਸਾ ਕਾਲਜ ਪਟਿਆਲਾ ਤੋਂ ਬੀ. ਐੱਸ. ਸੀ. (ਕੰਪਿਊਟਰ), ਰਿਮਟ ਮੰਡੀ ਗੋਬਿੰਦਗੜ੍ਹ ਵਿਖੇ ਐੱਮ. ਸੀ. ਏ. ਕਰਨ ਉਪਰੰਤ ਉਹ ਵਧੀਆ ਭਵਿੱਖ ਦੀ ਭਾਲ ਵਿਚ ਆਸਟ੍ਰੇਲੀਆ ਚਲਾ ਗਿਆ। ਉੱਥੇ ਉਸ ਨੇ ਸਖ਼ਤ ਮਿਹਨਤ ਕਰਦਿਆਂ ਆਪਣਾ ਭਵਿੱਖ ਸੰਵਾਰਿਆ ਅਤੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਵੀ ਰੌਸ਼ਨ ਕੀਤਾ। ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਖੇ ਕੌਂਸਲਰ ਬਣਨ ਵਾਲਾ ਉਹ ਪਹਿਲਾ ਪੰਜਾਬੀ ਹੈ।

ਇਹ ਵੀ ਪੜ੍ਹੋ : ਬੀਰ ਦਵਿੰਦਰ ਸਿੰਘ ਤੋਂ ਸੁਣੋ ਕਿਵੇਂ ਤੇ ਕਦੋਂ ਸ਼ੁਰੂ ਹੋਈ ਸੀ 'ਕੈਪਟਨ-ਅਰੂਸਾ' ਦੀ ਦੋਸਤੀ (ਵੀਡੀਓ)

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਸ ਦੇ ਵੱਡੇ ਭਰਾ ਅਤੇ ਅਧਿਆਪਕ ਆਗੂ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਗੁਰਦੀਪ ਸਿੰਘ ਸ਼ੁਰੂ ਤੋਂ ਹੀ ਪੜ੍ਹਾਈ ’ਚ ਅੱਵਲ ਆਉਣ ਵਾਲਾ ਵਿਦਿਆਰਥੀ ਰਿਹਾ ਹੈ। ਉਸ ਨੇ ਪੰਜਾਬ ’ਚ ਪੜ੍ਹਾਈ ਉਪਰੰਤ ਕੁੱਝ ਸਮਾਂ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ਵਿਖੇ ਨੌਕਰੀ ਵੀ ਕੀਤੀ ਪਰ ਬਾਹਰਲੇ ਦੇਸ਼ ’ਚ ਸੈਟਲ ਹੋਣ ਦਾ ਸੁਫ਼ਨਾ ਲੈ ਕੇ ਸਾਲ 2005 ਵਿਚ ਵਿਦੇਸ਼ ਚਲਾ ਗਿਆ।

ਇਹ ਵੀ ਪੜ੍ਹੋ : ਕੈਪਟਨ ਤੇ ਨਵਜੋਤ ਸਿੱਧੂ ਵਿਚਾਲੇ ਟਵਿੱਟਰ ਵਾਰ, ਇਕ-ਦੂਜੇ ਖ਼ਿਲਾਫ਼ ਜੰਮ ਕੇ ਕੱਢੀ ਭੜਾਸ

ਗੁਰਦੀਪ ਸਿੰਘ ਨੇ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕਰਨੀ ਆਪਣੇ ਮਾਤਾ-ਪਿਤਾ ਬਲਵਿੰਦਰ ਸਿੰਘ, ਚਰਨਜੀਤ ਕੌਰ ਤੋਂ ਸਿੱਖੀ, ਜੋ ਕਿ ਆਪ ਸਾਲ 1975 ਵਿਚ ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਤੋਂ ਪਟਿਆਲਾ ਆ ਕੇ ਵਸੇ ਅਤੇ ਦਿਨ-ਰਾਤ ਮਿਹਨਤ ਕਰਦਿਆਂ ਆਪਣੇ ਬੱਚਿਆਂ ਨੂੰ ਸਫ਼ਲਤਾ ਦੀ ਪੌੜੀ ਛੂਹਣਾ ਸਿਖਾਇਆ। ਇਸ ਮੌਕੇ ਖੁਸ਼ੀ ਜਾਹਿਰ ਕਰਦਿਆਂ ਗੈਰੀ ਸਿੰਘ ਦੇ ਪਿਤਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਸਫ਼ਲਤਾ ’ਤੇ ਜਿੱਥੇ ਮਾਣ ਮਹਿਸੂਸ ਕਰਦੇ ਹਨ, ਉੱਥੇ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਗੈਰੀ ਸਿੰਘ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਰਿਸ਼ਤੇਦਾਰਾਂ, ਦੋਸਤਾਂ ਅਤੇ ਸਨੇਹੀਆਂ ਵੱਲੋਂ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News