ਗੁਰਦਾਸਪੁਰ : ਜਬਰ-ਜ਼ਨਾਹ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਬਰੀ

Tuesday, Jul 31, 2018 - 10:29 AM (IST)

ਗੁਰਦਾਸਪੁਰ : ਜਬਰ-ਜ਼ਨਾਹ ਮਾਮਲੇ 'ਚ ਸੁੱਚਾ ਸਿੰਘ ਲੰਗਾਹ ਬਰੀ

ਗੁਰਦਾਸਪੁਰ (ਵਿਨੋਦ,ਦੀਪਕ) : ਪਿਛਲੇ ਸਾਲ ਸਤੰਬਰ ਦੇ ਅਖੀਰ 'ਚ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੌਰਾਨ ਸਾਬਕਾ ਅਕਾਲੀ ਮੰਤਰੀ ਜਥੇ. ਸੁੱਚਾ ਸਿੰਘ ਲੰਗਾਹ ਖਿਲਾਫ਼ ਪੁਲਸ ਵੱਲੋਂ ਦਰਜ ਕੀਤੇ ਗਏ ਜਬਰ-ਜ਼ਨਾਹ ਦੇ ਕੇਸ 'ਚ ਅੱਜ ਗੁਰਦਾਸਪੁਰ ਦੀ ਅਦਾਲਤ ਨੇ ਜਥੇ. ਲੰਗਾਹ ਨੂੰ ਬਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਿਟੀ ਥਾਣਾ ਗੁਰਦਾਸਪੁਰ ਦੀ ਪੁਲਸ ਨੇ ਇਕ ਔਰਤ ਦੇ ਬਿਆਨਾਂ ਅਤੇ ਇਕ ਵੀਡੀਓ ਕਲਿੱਪ ਨੂੰ ਆਧਾਰ ਬਣਾ ਕੇ ਸੁੱਚਾ ਸਿੰਘ ਲੰਗਾਹ ਖਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਜਥੇ. ਲੰਗਾਹ ਨੇ ਗੁਰਦਾਸਪੁਰ ਦੀ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਸੀ। ਉਪਰੰਤ ਉਹ ਕਪੂਰਥਲਾ ਅਤੇ ਪਟਿਆਲਾ ਦੀ ਜੇਲ 'ਚ ਰਹਿਣ ਤੋਂ ਬਾਅਦ ਜ਼ਮਾਨਤ 'ਤੇ ਸੀ।
ਇਸ ਮਾਮਲੇ ਦੀ ਸੁਣਵਾਈ ਗੁਰਦਾਸਪੁਰ ਦੇ ਵਧੀਕ ਸੈਸ਼ਨ ਜੱਜ ਸ੍ਰੀ ਪ੍ਰੇਮ ਕੁਮਾਰ ਵੱਲੋਂ ਕੀਤੀ ਜਾ ਰਹੀ ਸੀ ਅਤੇ ਕੁਝ ਸਮਾਂ ਪਹਿਲਾਂ ਔਰਤ ਨੇ ਅਦਾਲਤ 'ਚ ਆਪਣੀ ਗਵਾਹੀ ਦੌਰਾਨ ਕਿਹਾ ਸੀ ਕਿ ਉਹ ਜਥੇ. ਸੁੱਚਾ ਸਿੰਘ ਲੰਗਾਹ ਨੂੰ ਜਾਣਦੀ ਹੀ ਨਹੀਂ ਅਤੇ ਨਾ ਹੀ ਉਸ ਨਾਲ ਜਬਰ-ਜ਼ਨਾਹ ਹੋਇਆ ਹੈ। ਇਸ ਤਰ੍ਹਾਂ ਇਹ ਮਾਮਲਾ ਪਿਛਲੇ ਕਰੀਬ 10 ਮਹੀਨਿਆਂ ਤੋਂ ਪੰਜਾਬ ਦੇ ਸਿਆਸੀ ਅਤੇ ਆਮ ਹਲਕਿਆਂ 'ਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਮਾਣਯੋਗ ਜੱਜ ਵੱਲੋਂ ਸਾਰੇ ਮਾਮਲੇ ਦੀ ਸੁਣਵਾਈ ਦੇ ਬਾਅਦ ਅੱਜ ਫੈਸਲਾ ਸੁਣਾਇਆ ਜਾਣਾ ਸੀ, ਜਿਸ ਤਹਿਤ ਜਥੇ. ਲੰਗਾਹ ਦੇ ਕੁਝ ਚੋਣਵੇਂ ਸਮੱਰਥਕ ਅਤੇ  ਵਕੀਲ  ਅਦਾਲਤ ਕੰਪਲੈਕਸ 'ਚ ਪਹੁੰਚੇ ਹੋਏ ਸਨ। ਸ਼ਾਮ 4.30 ਵਜੇ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ 'ਤੇ ਲੰਗਾਹ ਸਮਰਥਕਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਕੁਝ ਹੀ ਮਿੰਟਾਂ 'ਚ ਲੰਗਾਹ ਸਮਰਥਕ ਵੱਡੀ ਗਿਣਤੀ 'ਚ ਅਦਾਲਤ ਕੰਪਲੈਕਸ 'ਚ ਪਹੁੰਚ ਗਏ, ਜਿਥੋਂ ਲੰਗਾਹ ਗੱਡੀਆਂ ਦੇ ਵਿਸ਼ਾਲ ਕਾਫਲੇ ਸਮੇਤ ਆਪਣੇ ਧਾਰੀਵਾਲ ਨਿਵਾਸ ਸਥਾਨ ਪਹੁੰਚੇ। 
ਲੋਕਤੰਤਰੀ ਢੰਗ ਨਾਲ ਕਾਂਗਰਸੀਆਂ ਨੂੰ ਜਵਾਬ ਦਿਆਂਗਾ : ਲੰਗਾਹ
ਆਪਣੇ ਸੈਂਕੜੇ ਸਮਰਥਕਾਂ ਦੀ ਹਾਜ਼ਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇ. ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਨ੍ਹਾਂ ਦਾ ਬਰੀ ਹੋਣਾ ਪ੍ਰਮਾਤਮਾ ਦੀ ਬਖਸ਼ਿਸ਼, ਲੋਕਾਂ ਦੀਆਂ ਅਸੀਸਾਂ ਦਾ ਨਤੀਜਾ ਹੈ। 
ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜ਼ਿਮਨੀ ਚੋਣ ਜਿੱਤਣ ਲਈ ਕਾਂਗਰਸੀਆਂ ਨੇ ਬੇਹੱਦ ਘਿਨਾਉਣੀ ਅਤੇ ਝੂਠੀ ਸਾਜ਼ਿਸ਼ ਰਚ ਕੇ ਉਨ੍ਹਾਂ ਦੇ ਪਰਿਵਾਰਕ ਅਤੇ ਸਮਾਜਕ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ।  ਪਰ ਮੇਰੇ ਸਮਰਥਕਾਂ ਦੇ ਸਾਥ ਅਤੇ ਪ੍ਰਮਾਤਮਾ ਦੇ ਆਸ਼ੀਰਵਾਦ ਦੀ ਬਦੌਲਤ ਮੈਂ ਇਸ ਅੰਨ੍ਹੇ ਖੂਹ 'ਚੋਂ ਬਾਹਰ ਨਿਕਲਿਆ ਹਾਂ ਅਤੇ ਜਿਹੜੇ ਕਾਂਗਰਸੀਆਂ ਨੇ ਮੇਰੇ ਖਿਲਾਫ ਅਜਿਹੀ ਸਾਜ਼ਿਸ਼ ਰਚੀ ਸੀ, ਉਨ੍ਹਾਂ ਨੂੰ  ਲੋਕਤੰਤਰੀ ਢੰਗ ਨਾਲ ਮੂੰਹ ਤੋੜਵਾਂ ਜਵਾਬ ਦਿਆਂਗਾ।


Related News