ਗੁਰਦਾਸਪੁਰ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

Wednesday, Feb 27, 2019 - 05:21 PM (IST)

ਗੁਰਦਾਸਪੁਰ : ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਗੁਰਦਾਸਪੁਰ (ਵਿਨੋਦ) : ਰੰਜਿਸ਼ ਕਾਰਨ ਅੱਜ ਧਾਰੀਵਾਲ ਵਿਖੇ ਟੈਕਸੀ ਸਟੈਂਡ 'ਚ ਹੋਏ ਝਗੜੇ 'ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ, ਜਦਕਿ ਉਸ ਦੇ ਸਾਥੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਸਾਰੀ ਘਟਨਾ ਦੀ ਵੀਡੀਓ ਵੀ ਆਸਪਾਸ ਦੇ ਦੁਕਾਨਦਾਰਾਂ ਦੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਇਸ ਘਟਨਾ ਦੇ ਕਾਰਨ ਸ਼ਹਿਰ 'ਚ ਕਾਫੀ ਚਿਰ ਮਾਹੌਲ ਤਣਾਅਪੂਰਨ ਰਿਹਾ।

ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਸੇਖਵਾਂ ਦਾ ਰੇਤ ਛੀਨਾ ਨਿਵਾਸੀ ਬਾਊ ਦੇ ਨਾਲ ਪੁਰਾਣੀ ਰੰਜਿਸ਼ ਕਾਰਨ ਝਗੜਾ ਚੱਲ ਰਿਹਾ ਸੀ। ਅੱਜ ਸੁਖਵਿੰਦਰ ਸਿੰਘ ਸਾਥੀਆਂ ਮਨਦੀਪ ਸਿੰਘ ਵਾਸੀ ਡੇਅਰੀਵਾਲ ਦਰੋਗਾ  ਤੇ ਸਮਸ਼ੇਰ ਸਿੰਘ ਵਾਸੀ ਜੋਗੀ ਚੀਮਾ ਨਾਲ ਕਾਰ 'ਚ ਸਵਾਰ ਹੋ ਕੇ ਬਟਾਲਾ ਸਿਵਲ ਹਸਪਤਾਲ ਵਿਚ ਖੂਨ ਦਾਨ ਕਰਨ ਗਏ ਸੀ। ਇਸ ਦੌਰਾਨ ਲਾਡੀ ਨਾਮਕ ਵਿਅਕਤੀ ਨੇ ਮਨਦੀਪ ਨੂੰ ਫੋਨ ਕੀਤਾ ਕਿ ਤੁਸੀਂ ਧਾਰੀਵਾਲ ਟੈਕਸੀ ਸਟੈਂਡ ਆ ਜਾਓ, ਇਥੋਂ ਅੱਗੇ ਫਹਿਤਗੜ੍ਹ ਚੂੜੀਆ ਕਿਸੇ ਤੋਂ ਕੋਈ ਪੈਸੇ ਲੈਣ ਜਾਣਾ ਹੈ। ਜਿਸ 'ਤੇ ਇਹ ਜਦੋਂ ਉਹ ਧਾਰੀਵਾਲ ਟੈਕਸੀ ਸਟੈਂਡ ਪਹੁੰਚੇ ਤਾਂ ਉਥੇ ਬਾਊ ਆਪਣੇ ਸਾਥੀਆਂ ਨਾਲ ਤੇਜ਼ ਹਥਿਆਰ ਲੈ ਕੇ ਗਿਆ। ਜਿਸ 'ਤੇ ਆਉਂਦੇ ਹੀ ਕਾਰ 'ਚ ਸਵਾਰ ਸੁਖਵਿੰਦਰ ਸਿੰਘ 'ਤੇ ਹਮਲਾ ਕਰ ਦਿੱਤਾ। 

PunjabKesariਇਸ ਹਮਲੇ ਦੌਰਾਨ ਮਨਦੀਪ ਸਿੰਘ ਤੇ ਸਮਸ਼ੇਰ ਸਿੰਘ ਨੇ ਆਪਣੀ ਭੱਜ ਕੇ ਜਾਨ ਬਚਾਈ, ਜਦਕਿ ਹਮਲਵਾਰਾਂ ਨੇ ਤੇਜ਼ ਹਥਿਆਰਾਂ ਨਾਲ ਕਾਫੀ ਵਾਰ ਕਰ ਕੇ ਸੁਖਵਿੰਦਰ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ 'ਤੇ ਰੌਲਾ ਪੈਣ 'ਤੇ ਉਕਤ ਹਮਲਾਵਰ ਫਰਾਰ ਹੋ ਗਏ। ਜਿਸ 'ਤੇ ਉਸ ਦੇ ਸਾਥੀਆਂ ਨੇ ਮ੍ਰਿਤਕ ਨੂੰ ਸਿਵਲ ਹਸਪਤਾਲ ਲਿਆਂਦਾ ਪਰ ਹਸਪਤਾਲ 'ਚ ਉਸ ਦੀ ਮੌਤ ਹੋ ਗਈ।ਵਰਣਨਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਦਾ ਪਿਤਾ ਅਵਤਾਰ ਸਿੰਘ ਆਰਮੀ 'ਚ ਸੂਬੇਦਾਰ ਹੈ ਤੇ ਸੁਖਵਿੰਦਰ  ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਜਿਸ ਦੀ ਇਕ ਭੈਣ ਹੈ। ਇਸ ਸਬੰਧੀ ਧਾਰੀਵਾਲ ਪੁਲਸ ਨੇ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖਵਾ ਦਿੱਤਾ। ਗੁਰਦਾਸਪੁਰ ਹਸਪਤਾਲ 'ਚ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।


author

Baljeet Kaur

Content Editor

Related News