ਨਸ਼ੇ ਦੀ ਹਾਲਤ 'ਚ ਸਕੂਲ 'ਚ ਬਦਸਲੂਕੀ ਕਰਨ ਵਾਲਾ ਅਧਿਆਪਕ ਮੁਅੱਤਲ
Friday, Feb 14, 2020 - 05:21 PM (IST)

ਗੁਰਦਾਸਪੁਰ (ਗੁਰਪ੍ਰੀਤ) : ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਦੇ ਸਰਕਾਰੀ ਮਿਡਲ ਸਕੂਲ 'ਚ ਮਹਿਲਾ ਅਧਿਆਪਕ ਨਾਲ ਬਦਸਲੂਕੀ ਕਰਨ ਵਾਲੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਸਕੂਲ 'ਚ ਅਧਿਆਪਕ ਗੁਰਜੀਤ ਸਿੰਘ ਨੇ ਮਹਿਲਾ ਅਧਿਆਪਕ ਸੁਖਬੀਰ ਕੌਰ ਨਾਲ ਨਸ਼ੇ ਦੀ ਹਾਲਤ 'ਚ ਗਾਲਾਂ ਕੱਢਣ ਤੋਂ ਇਲਾਵਾ ਧਮਕੀਆਂ ਵੀ ਦਿੱਤੀਆਂ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਈ.ਓ. (ਸ) ਰਕੇਸ਼ ਬਾਲਾ ਨੇ ਦੱਸਿਆ ਕਿ ਮਹਿਲਾ ਅਧਿਆਪਕ ਦੀ ਸ਼ਿਕਾਇਤ ਦੇ ਬਾਅਦ ਟੀਮ ਭੇਜ ਕੇ ਮਾਮਲੇ ਦੀ ਜਾਂਚ ਕਰਵਾਈ ਗਈ ਸੀ। ਇਸ ਦੇ ਬਾਅਦ ਉਕਤ ਅਧਿਆਪਕ ਨੂੰ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਵੀ ਭੇਜ ਦਿੱਤੀ ਗਈ ਹੈ।