ਗੁਰਦਾਸਪੁਰ : 20 ਸਾਲਾਂ ਤੋਂ ਬਲਦੀ ਹੈ ਸ਼ਹੀਦ ਸਤਵੰਤ ਸਿੰਘ ਦੇ ਨਾਂ ਦੀ ਅਖੰਡ ਜਯੋਤੀ

07/22/2019 10:42:31 AM

ਗੁਰਦਾਸਪੁਰ (ਵਿਨੋਦ) : ਕਾਰਗਿਲ ਯੁੱਧ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਪਿੰਡ ਸਲਾਹਪੁਰ ਬੇਟ ਨਿਵਾਸੀ ਸਿਪਾਹੀ ਸਤਵੰਤ ਸਿੰਘ, ਜਿਸਦੀ ਸ਼ਹਾਦਤ ਇਕ ਇਬਾਦਤ ਬਣ ਚੁੱਕੀ ਹੈ ਅਤੇ ਉਸ ਦੇ ਪਰਿਵਾਰ ਨੇ ਪਿਛਲੇ 20 ਸਾਲਾਂ ਤੋਂ ਸ਼ਹੀਦ ਦੀ ਮੂਰਤੀ ਦੇ ਸਾਹਮਣੇ ਦੇਸੀ ਘਿਓ ਦੀ ਅਖੰਡ ਜੋਤੀ ਬਾਲ ਰੱਖੀ ਹੈ। ਸ਼ਹੀਦ ਸਿਪਾਹੀ ਸਤਵੰਤ ਸਿੰਘ ਦੀ ਮਾਤਾ ਸੁਖਦੇਵ ਕੌਰ ਅਤੇ ਪਿਤਾ ਕਸ਼ਮੀਰ ਸਿੰਘ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਦੇ ਲੜਕੇ ਨੇ 4 ਜੁਲਾਈ 1999 ਵਿਚ ਪਾਕਿ ਦੇ ਨਾਲ ਕਾਰਗਿਲ ਯੁੱਧ ਵਿਚ ਟਾਈਗਰ ਹਿਲ ਨੂੰ ਫਤਿਹ ਕਰਦੇ ਹੋਏ ਸ਼ਹਾਦਤ ਦਾ ਜਾਮ ਪੀਤਾ ਸੀ। ਕਾਰਗਿਲ ਯੁੱਧ ਦੌਰਾਨ ਪਠਾਨਕੋਟ ਦੇ ਮਾਮੂਲ ਕੈਂਟ ਤੋਂ ਸਭ ਤੋਂ ਪਹਿਲਾਂ 8 ਸਿੱਖ ਯੂਨਿਟ ਨੂੰ ਉਥੇ ਭੇਜਿਆ ਗਿਆ ਸੀ। ਇਸ ਯੂਨਿਟ ਦੇ ਸੰਯੁਕਤ ਆਪ੍ਰੇਸ਼ਨ ਨਾਲ ਪਾਕਿ ਸੈਨਾ ਦੇ ਕਈ ਸੈਨਿਕ ਮਾਰੇ ਗਏ ਅਤੇ 8 ਸਿੱਖ ਯੂਨਿਟ ਦੇ 30 ਸੈਨਿਕਾਂ ਨੇ ਸ਼ਹਾਦਤ ਦਾ ਜਾਮ ਪੀ ਕੇ ਟਾਈਗਰ ਹਿਲ 'ਤੇ ਤਿਰੰਗਾ ਲਹਿਰਾਇਆ ਸੀ। ਜਿਨ੍ਹਾਂ 'ਚ ਸਤਵੰਤ ਸਿੰਘ ਦੀ ਸਭ ਤੋਂ ਘੱਟ ਉਮਰ 21 ਸਾਲ ਸੀ। ਸ਼ਹੀਦ ਦੀ ਮਾਤਾ ਸੁਖਦੇਵ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਜਿਸ ਦਿਨ ਲੜਕੇ ਦਾ ਅੰਤਿਮ ਸੰਸਕਾਰ ਹੋਇਆ, ਉਸੇ ਦਿਨ ਤੋਂ ਉਹ ਉਸ ਦੀ ਤਸਵੀਰ ਦੇ ਸਾਹਮਣੇ ਅਖੰਡ ਜਯੋਤੀ ਬਾਲ ਰਹੀ ਹੈ। ਉਨ੍ਹਾਂ ਦੱਸਿਆ ਕਿ 6 ਸਾਲ ਪਹਿਲਾਂ ਉਨ੍ਹਾਂ ਨੇ ਪਿੰਡ ਭੁੱਲੇਚੱਕ ਵਿਚ ਆਪਣੇ ਸ਼ਹੀਦ ਲੜਕੇ ਦੀ ਯਾਦ ਵਿਚ ਬਣੇ ਪੈਟਰੋਲ ਪੰਪ 'ਤੇ ਆਪਣੇ ਖਰਚ ਨਾਲ ਉਸ ਦੀ ਮੂਰਤੀ ਲਵਾਈ ਸੀ। ਹੁਣ ਇਹ ਅਖੰਡ ਜੋਤੀ ਉਥੇ ਦਿਨ-ਰਾਤ ਬਲ ਰਹੀ ਹੈ।

ਸ਼ਹੀਦ ਨੂੰ ਭੋਗ ਲਵਾਉਣ ਦੇ ਬਾਅਦ ਹੀ ਰੋਟੀ ਖਾਂਦੈ ਪੂਰਾ ਪਰਿਵਾਰ
ਸ਼ਹੀਦ ਦੇ ਪਿਤਾ ਕਸ਼ਮੀਰ ਸਿੰਘ, ਮਾਂ ਸੁਖਦੇਵ ਕੌਰ, ਭਰਾ ਸਤਨਾਮ ਸਿੰਘ ਅਤੇ ਭਾਬੀ ਮਹਿੰਦਰ ਕੌਰ ਨੇ ਦੱਸਿਆ ਕਿ ਅੱਜ ਵੀ ਉਨ੍ਹਾਂ ਦਾ ਪਰਿਵਾਰ ਸਤਵੰਤ ਦੀ ਮੂਰਤੀ ਨੂੰ ਭੋਗ ਲਾਉਣ ਦੇ ਬਾਅਦ ਹੀ ਭੋਜਨ ਖਾਂਦਾ ਹੈ। ਸ਼ਹੀਦ ਦੇ ਪਰਿਵਾਰ ਨੇ ਦੱਸਿਆ ਕਿ ਲੜਕੇ ਦੀ ਸ਼ਹਾਦਤ ਦੇ ਦੁੱਖ ਤੋਂ ਅਜੇ ਉਹ ਉਭਰ ਵੀ ਨਹੀਂ ਸਕੇ ਸੀ ਕਿ ਸਾਲ 2007 ਵਿਚ ਉਨ੍ਹਾਂ ਦੇ ਦੂਜੇ ਲੜਕੇ ਨਰਿੰਦਰ ਸਿੰਘ ਦੀ ਬੀਮਾਰੀ ਦੇ ਨਾਲ, ਸਾਲ 2012 ਨੂੰ ਤੀਸਰੇ ਲੜਕੇ ਹਰਭਜਨ ਸਿੰਘ ਦੀ ਅਸਮਾਨੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ।

ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਜਜ਼ਬੇ ਨੂੰ ਸਲਾਮ : ਕੁੰਵਰ ਵਿੱਕੀ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਜਜ਼ਬੇ ਨੂੰ ਪੂਰੇ ਦੇਸ਼ ਦਾ ਸਲਾਮ ਹੈ। ਉਨ੍ਹਾਂ ਦੱਸਿਆ ਕਿ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਨੇ ਆਪਣੇ ਲੜਕੇ ਨੂੰ ਭਗਵਾਨ ਦਾ ਦਰਜਾ ਦਿੱਤਾ ਹੈ, ਜਿਸ ਜਗ੍ਹਾ 'ਤੇ ਉਨ੍ਹਾਂ ਦੀ ਮੂਰਤੀ ਲੱਗੀ ਹੋਈ ਹੈ ਉਸ ਜਗ੍ਹਾ ਨੂੰ ਮੰਦਰ ਦੀ ਤਰ੍ਹਾਂ ਪੂਜਿਆ ਜਾਂਦਾ ਹੈ। ਇਸ ਮੌਕੇ ਸ਼ਹੀਦ ਦੇ ਭਰਾ ਸਤਨਾਮ ਸਿੰਘ, ਜ਼ਿਲਾ ਐੱਨ. ਆਰ. ਆਈ. ਸਭਾ ਦੇ ਪ੍ਰਧਾਨ ਐੱਨ. ਪੀ. ਸਿੰਘ ਅਤੇ ਮਨਜਿੰਦਰ ਸਿੰਘ ਵੀ ਹਾਜ਼ਰ ਸੀ।


Baljeet Kaur

Content Editor

Related News