ਪਾਕਿ 'ਚ ਲਾਂਘੇ ਦੀ ਤਿਆਰੀ ਜ਼ੋਰਾਂ ’ਤੇ, ਭਾਰਤ ਕਰੈਡਿਟ ਗੇਮ 'ਚ ਉਲਝਿਆ

01/05/2019 4:24:36 PM

ਗੁਰਦਾਸਪੁਰ (ਵਿਨੋਦ) : ਗੁ.  ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਉਸਾਰੀ ਸਬੰਧੀ ਭਾਰਤੀ ਸਿਆਸੀ ਪਾਰਟੀਆਂ ਅਤੇ ਆਗੂ ਅਜੇ ਇਸ ਦਾ ਸਿਹਰਾ ਲੈਣ ਦੀ ਹੋੜ 'ਚ ਲੱਗੇ ਹੋਏ ਹਨ ਅਤੇ ਇਕ ਦੂਜੇ ਨੂੰ ਇਸ ਮਾਮਲੇ 'ਚ  ਨੀਵਾਂ ਦਿਖਾਉਣ ਦੇ ਚੱਕਰ 'ਚ ਪਏ ਹੋਏ ਹਨ ਪਰ ਦੂਜੇ ਪਾਸੇ ਪਾਕਿਸਤਾਨ ਸਰਕਾਰ ਇਸ  ਲਾਂਘੇ  ਨੂੰ ਬਣਾਉਣ ਲਈ  ਜੰਗੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਭਾਰਤੀ  ਸਰਹੱਦ  ਤੋਂ ਸਪੱਸ਼ਟ ਦਿਖਾਈ ਦਿੰਦਾ ਹੈ ਕਿ  ਓਧਰ  ਵੱਡੀਆਂ-ਵੱਡੀਆਂ ਮਸ਼ੀਨਾਂ ਦਿਨ-ਰਾਤ  ਉਸਾਰੀ  ਕਰਨ 'ਚ ਲੱਗੀਆਂ ਹੋਈਆਂ ਹਨ। ਭਾਰਤੀ ਖੁਫੀਆ ਏਜੰਸੀਆਂ ਇਸ ਲਾਂਘੇ ਸਬੰਧੀ ਪਾਕਿਸਤਾਨ ਸਰਕਾਰ ਵੱਲੋਂ ਦਿਖਾਈ ਜਾ ਰਹੀ ਦਿਲਚਸਪੀ ਨੂੰ ਭਾਰਤ ਵਿਰੁੱਧ ਪਾਕਿਸਤਾਨ ਦੀ ਕਿਸੇ ਵੱਡੀ ਸਾਜ਼ਿਸ਼ ਦਾ ਖਦਸ਼ਾ ਪ੍ਰਗਟ ਕਰ ਰਹੀਆਂ ਹਨ। ਭਾਰਤੀ ਖੁਫੀਆ ਏਜੰਸੀਆਂ ਇਸ ਕਾਰੀਡੋਰ ਸਬੰਧੀ ਪਾਕਿਸਤਾਨ ਸਰਕਾਰ ਵੱਲੋਂ ਦਿਖਾਈ ਜਾ ਰਹੀ ਦਿਲਚਸਪੀ ਨੂੰ ਭਾਰਤ ਦੇ ਵਿਰੁੱਧ ਪਾਕਿਸਤਾਨ ਦੀ ਕਿਸੇ ਵੱਡੀ ਗੇਮ ਪਲੈਨ ਦੀ ਸ਼ੰਕਾ ਪ੍ਰਗਟ ਕਰ ਰਹੀਆਂ ਹਨ। ਭਾਰਤ ਸਰਕਾਰ ਨੇ ਬੇਸ਼ੱਕ ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਲਗਭਗ ਨਿਯਮ ਤੈਅ ਕਰ ਦਿੱਤੇ ਹਨ ਪਰ ਭਾਰਤੀ ਇਲਾਕੇ ਵਿਚ ਭਾਰਤ ਸਰਕਾਰ ਵੱਲੋਂ ਬਣਾਏ ਜਾਣ ਵਾਲੇ ਸਿਰਫ 200 ਮੀਟਰ 'ਤੇ ਅਜੇ ਤੱਕ ਕੰਮ ਵੀ ਸ਼ੁਰੂ ਨਹੀਂ ਕੀਤਾ ਗਿਆ ਹੈ। 

ਸਿਹਰਾ ਲੈਣ ਦੀ ਦੌੜ 'ਚ ਸਾਰੀਆਂ ਸਿਆਸੀ ਪਾਰਟੀਆਂ
ਭਾਰਤ 'ਚ ਇਕ  ਆਮ ਵਿਧਾਇਕ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਇਸ ਲਾਂਘੇ ਨੂੰ ਬਣਾਉਣ ਦਾ ਸਿਹਰਾ ਲੈਣ ਦੀਆਂ 'ਹੁਸ਼ਿਆਰੀਆਂ' (ਬਿਆਨਬਾਜ਼ੀਆਂ) ਵਿਚ  ਲੱਗਾ ਹੋਇਆ ਹੈ। ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਲਾਂਘਾ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੋਸਤੀ ਦੇ ਕਾਰਨ ਬਣ ਰਿਹਾ ਹੈ,  ਜਦਕਿ ਮੁੱਖ ਮੰਤਰੀ ਪੰਜਾਬ ਇਸ  ਲਾਂਘੇ  ਦਾ ਸਿਹਰਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇ ਰਹੇ ਹਨ। ਅਕਾਲੀ  ਆਗੂਆਂ  ਦਾ ਕਹਿਣਾ ਹੈ ਕਿ ਉਹ ਤਾਂ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਹੀ ਇਸ  ਲਾਂਘੇ  ਦੀ ਮੰਗ ਕਰਦੇ ਆ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਗੁਰਦਾਸਪੁਰ ਦੀ ਰੈਲੀ 'ਚ ਇਹ ਕਹਿ ਦਿੱਤਾ ਕਿ ਇਹ ਕੇਂਦਰ ਦੀ ਭਾਜਪਾ ਸਰਕਾਰ ਦੀ ਕੋਸ਼ਿਸ਼ ਦਾ ਨਤੀਜਾ ਹੈ ਪਰ ਅਜੇ ਮਾਮਲਾ ਸਿਹਰਾ ਲੈਣ 'ਤੇ  ਹੀ ਅਟਕਿਆ ਹੋਇਆ ਹੈ ਅਤੇ ਕੇਵਲ ਨੀਂਹ ਪੱਥਰ ਰੱਖਣ ਦੇ ਇਲਾਵਾ ਅਜੇ ਭਾਰਤੀ ਇਲਾਕੇ 'ਚ ਕੋਈ ਕੰਮ ਸ਼ੁਰੂ ਨਹੀਂ ਹੋਇਆ। 

ਭਾਰਤ ਸਰਕਾਰ ਵਲੋਂ ਤਜਵੀਜ਼ਤ ਨਿਯਮ ਗੁ. ਕਰਤਾਰਪੁਰ ਸਾਹਿਬ ਜਾਣ ਵਾਲਿਆਂ ਲਈ
ਭਾਰਤ ਸਰਕਾਰ ਦੀ ਇਕ ਵਿਸ਼ੇਸ ਏਜੰਸੀ ਇਹ ਨਿਯਮ ਤੈਅ ਕਰਨ ਵਿਚ ਲੱਗੀ ਹੋਈ ਹੈ ਕਿ ਜੋ  ਸ਼ਰਧਾਲੂ  ਗੁ. ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ, ਉਨ੍ਹਾਂ ਦੇ ਲਈ ਕੀ ਨਿਯਮ ਬਣਾਏ ਜਾਣ। ਇਕ ਕੇਂਦਰੀ ਏਜੰਸੀ ਨੇ ਜੋ ਡਰਾਫਟ ਤਿਆਰ ਕੀਤਾ ਹੈ  ਉਹ ਇੰਝ ਹੈ-
1. ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਜਿਹੜਾ ਸ਼ਰਧਾਲੂ ਇੱਛਾ ਰੱਖਦਾ ਹੋਵੇਗਾ, ਉਸ ਦੇ ਲਈ ਸਭ ਤੋਂ  ਪਹਿਲਾਂ ਪਾਸਪੋਰਟ ਹੋਣਾ ਜ਼ਰੂਰੀ ਹੋਵੇ ਪਰ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।
2. ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਨੂੰ ਪਾਸਪੋਰਟ ਦੇ ਆਧਾਰ 'ਤੇ  ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ ਅਤੇ ਉਸ ਦੀ ਜਾਣ ਦੀ ਮਿਤੀ ਸਰਕਾਰ ਨਿਰਧਾਰਿਤ ਕਰੇਗੀ।
3. ਰੋਜ਼ਾਨਾ ਕਿੰਨੇ ਸ਼ਰਧਾਲੂ ਪਾਕਿਸਤਾਨ  ਜਾਣਗੇ ਅਤੇ ਵਾਪਸ ਆਉਣਗੇ ਇਹ ਨਿਸ਼ਚਿਤ ਹੋਵੇਗਾ। 
4. ਇਕ ਸ਼ਰਧਾਲੂ ਸਾਲ 'ਚ ਦੋ ਵਾਰ ਹੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਸਕੇਗਾ।
5. ਖਾਲਿਸਤਾਨੀ ਵਿਚਾਰਧਾਰਾ ਦੇ ਲੋਕਾਂ ਦੇ ਜਾਣ 'ਤੇ ਸਰਕਾਰ ਰੋਕ ਲਗਾ ਸਕਦੀ ਹੈ।
6. ਗੁ. ਕਰਤਾਰਪੁਰ ਸਾਹਿਬ ਵਿਚ ਜਾ ਕੇ ਖਾਲਿਸਤਾਨੀ ਵਿਚਾਰਧਾਰਾ ਦੇ ਜੋ ਲੋਕ ਪਾਕਿਸਤਾਨ ਵਿਚ ਸ਼ਰਨ ਲਈ ਬੈਠੇ ਹਨ, ਉਨ੍ਹਾਂ  ਨੂੰ ਭਾਰਤੀ ਸ਼ਰਧਾਲੂ ਨਹੀਂ ਮਿਲ ਸਕਣਗੇ। 

ਕੀ ਗੁਪਤ ਸਾਜ਼ਿਸ਼ ਹੈ ਪਾਕਿਸਤਾਨ ਸਰਕਾਰ ਦੀ ਖੁਫੀਆ ਏਜੰਸੀ ਦੀ
ਲੰਬੇ ਸਮੇਂ ਤੋਂ ਭਾਰਤੀ ਰਾਜ ਪੰਜਾਬ ਵਿਚ ਪਾਕਿਸਤਾਨ ਦੀ  ਖੁਫੀਆ ਏਜੰਸੀ ਆਈ. ਐੱਸ. ਆਈ. ਅੱਤਵਾਦ ਨੂੰ ਫਿਰ ਸ਼ੁਰੂ ਨਹੀਂ ਕਰਵਾ ਸਕੀ ਹੈ। ਇਸ ਗੁਰਦੁਆਰੇ ਵਿਚ ਕੁਝ ਅੱਤਵਾਦੀਆਂ ਨੂੰ ਕਮਰੇ ਅਲਾਟ ਕੀਤੇ ਗਏ ਹਨ, ਜੋ ਉਥੇ ਬੈਠ ਕੇ ਆਪਣੀਆਂ  ਸਰਗਰਮੀਆਂ  ਚਲਾਉਣਗੇ। ਇਸ  ਲਾਂਘੇ  ਦੇ ਰਸਤੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਉਥੇ ਭੜਕਾਉਣ ਵਾਲੇ ਭਾਸ਼ਣ ਦੇ ਕੇ ਖਾਲਿਸਤਾਨ ਲਹਿਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨੌਜਵਾਨਾਂ ਦਾ ਭਾਰਤ ਦੇ ਵਿਰੁੱਧ ਬ੍ਰੇਨ ਵਾਸ਼ ਕੀਤਾ ਜਾਵੇਗਾ। ਪਾਕਿਸਤਾਨ ਸਰਕਾਰ ਭਾਰਤ ਅਤੇ ਭਾਰਤੀਆਂ ਦੇ ਲਈ ਇੰਨੀ ਵੱਡੀ ਰਾਸ਼ੀ ਖਰਚ ਕਰ ਰਹੀ ਹੈ, ਜਦਕਿ ਪਾਕਿਸਤਾਨ ਕਦੀ ਵੀ ਭਾਰਤ ਅਤੇ ਭਾਰਤ ਦੇ ਲੋਕਾਂ ਲਈ ਪੈਸਾ ਖਰਚ ਨਹੀਂ ਕਰ ਸਕਦਾ। ਆਪਣੇ ਸਵਾਰਥ ਦੇ ਲਈ ਉਹ ਇਹ ਸਾਰੀ  ਘਟੀਆ  ਯੋਜਨਾ ਬਣਾ ਕੇ ਕੰਮ ਕਰ ਰਿਹਾ ਹੈ।

ਲਾਂਘੇ ਦੀ ਕੀ ਹੈ ਭੂਗੋਲਿਕ ਸਥਿਤੀ 
ਭਾਰਤ ਤੋਂ  ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਣ ਲਈ ਭਾਰਤੀ ਇਲਾਕੇ ਵਿਚ  ਸਿਰਫ 200 ਮੀਟਰ ਸੜਕ 'ਤੇ  ਲਾਂਘੇ  ਦੀ  ਉਸਾਰੀ ਕੀਤੀ ਜਾਣੀ ਹੈ, ਜਦਕਿ ਪਾਕਿਸਤਾਨ ਸਰਕਾਰ ਨੇ ਲਗਭਗ ਸਾਢੇ ਚਾਰ ਕਿਲੋਮੀਟਰ ਸੜਕ-ਕਮ-ਲਾਂਘਾ ਬਣਾਉਣਾ ਹੈ ਅਤੇ ਰਸਤੇ ਵਿਚ  ਵੇਈਂ ਦਰਿਆ 'ਤੇ ਪੁਲ ਬਣਾਉਣ ਦਾ ਕੰਮ ਵੀ ਪਾਕਿਸਤਾਨ ਸਰਕਾਰ ਨੇ ਕਰਨਾ ਹੈ। ਪਾਕਿਸਤਾਨ ਸਰਕਾਰ ਵੱਲੋਂ ਇਸ ਕਾਰੀਡੋਰ 'ਤੇ ਦਿਨ-ਰਾਤ ਕੰਮ ਕੀਤਾ ਜਾ ਰਿਹਾ ਹੈ ਅਤੇ ਵੱਡੀਆਂ-ਵੱਡੀਆਂ  ਮਸ਼ੀਨਾਂ ਦਿਨ-ਰਾਤ ਇਸ  ਲਾਂਘੇ ਨੂੰ ਬਣਾਉਣ 'ਚ ਲੱਗੀਆਂ ਹੋਈਆਂ ਹਨ। ਭਾਰਤੀ ਇਲਾਕੇ 'ਚ ਦਿਨ ਅਤੇ ਰਾਤ ਨੂੰ ਵੀ ਇਹ ਮਸ਼ੀਨਾਂ ਕੰਮ ਕਰਦੀਆਂ ਸਾਫ ਦਿਖਾਈ ਦਿੰਦੀਆਂ ਹਨ ਅਤੇ ਬਣ ਰਹੀ ਸੜਕ ਵੀ ਦਿਖਾਈ ਦਿੰਦੀ ਹੈ, ਜਦਕਿ ਭਾਰਤੀ ਇਲਾਕੇ 'ਚ ਇਹ ਕਾਰੀਡੋਰ ਮਾਤਰ 200 ਮੀਟਰ ਬਣਨਾ ਹੈ ਅਤੇ ਇਸ ਸਬੰਧੀ ਅਜੇ ਕੰਮ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ ਜਿਸ ਦਾ ਮੁੱਖ ਕਾਰਨ ਇਸ ਬਣਨ ਵਾਲੇ ਕਾਰੀਡੋਰ ਦੇ ਲਈ ਭਾਰਤੀ ਕਿਸਾਨਾਂ ਦੀਆਂ ਜ਼ਮੀਨਾਂ ਦਾ ਕਬਜ਼ਾ ਹੈ, ਕਿਉਂਕਿ ਭੂਮੀ ਕਬਜ਼ਾ ਕਰਨਾ ਬਹੁਤ ਹੀ ਮੁਸ਼ਕਲ ਹੈ।


Baljeet Kaur

Content Editor

Related News