ਯੁੱਧ ਨਸ਼ਿਆਂ ਵਿਰੁੱਧ : ਗੁਰਦਾਸਪੁਰ ਪੁਲਸ ਨੂੰ ਮਿਲੀ ਵੱਡੀ ਸਫਲਤਾ, ਨਸ਼ਿਆਂ ਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ

Friday, Mar 14, 2025 - 08:42 PM (IST)

ਯੁੱਧ ਨਸ਼ਿਆਂ ਵਿਰੁੱਧ : ਗੁਰਦਾਸਪੁਰ ਪੁਲਸ ਨੂੰ ਮਿਲੀ ਵੱਡੀ ਸਫਲਤਾ, ਨਸ਼ਿਆਂ ਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ

ਦੀਨਾਨਗਰ, (ਹਰਜਿੰਦਰ ਸਿੰਘ ਗੋਰਾਇਆ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਗੁਰਦਾਸਪੁਰ ਪੁਲਸ ਤੇ ਬੀ.ਐੱਸ.ਐੱਫ ਨੂੰ ਸਾਂਝੇ ਓਪਰੇਸ਼ਨ ਦੌਰਾਨ ਵੱਡੀ ਸਫਲਤਾ ਮਿਲੀ ਹੈ। ਪੁਲਸ ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀ ਨਸ਼ੇ ਤੇ ਹਥਿਆਰਾਂ ਦੀ ਵੱਡੀ ਖੇਪ ਨੂੰ ਬਰਾਮਦ ਕਰਦਿਆਂ 2 ਕਿਲੋ ਹੈਰੋਇਨ, 2 ਪਿਸਟਲ, 4 ਮੈਗਜ਼ੀਨ ਅਤੇ 66 ਜ਼ਿੰਦਾ ਰਾਊਂਡ ਰਿਕਵਰ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਿਆ, ਆਈ.ਪੀ.ਐੱਸ. ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਤੇ ਡੀ.ਜੀ.ਪੀ. ਗੌਰਵ ਯਾਦਵ, ਆਈ.ਪੀ.ਐੱਸ. ਦੀਆਂ ਹਦਾਇਤਾਂ ਤਹਿਤ ਗੁਰਦਾਸਪੁਰ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਪੁਲਸ ਨੇ ਬੀ.ਐੱਸ.ਐੱਫ ਦੇ ਨਾਲ ਮਿਲ ਕੇ ਖੁਫੀਆ ਜਾਣਕਾਰੀ ਦੇ ਅਧਾਰ `ਤੇ ਸਾਂਝੇ ਓਪਰੇਸ਼ਨ ਦੌਰਾਨ ਦੋਰਾਂਗਲਾ ਖੇਤਰ ਵਿਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ ਨਸ਼ਿਆਂ ਤੇ ਹਥਿਆਰਾਂ ਦੀ ਖੇਪ ਬਰਾਮਦ ਕਰਦਿਆਂ 2 ਕਿਲੋ ਹੈਰੋਇਨ, 2 ਪਿਸਟਲ, 4 ਮੈਗਜ਼ੀਨ ਅਤੇ 66 ਜ਼ਿੰਦਾ ਰਾਊਂਡ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਦੋਰਾਂਗਲਾ ਵਿੱਚ ਇਸ ਸਬੰਧੀ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਨਸ਼ਾ ਤਸਕਰਾਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 

 

ਐੱਸ.ਐੱਸ.ਪੀ. ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਗੁਰਦਾਸਪੁਰ ਪੁਲਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਜ਼ਿਲ੍ਹਾ ਪੁਲਸ ਵੱਲੋਂ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਵੱਲੋਂ ਹੋਰ ਸੁਰੱਖਿਆ ਏਜੰਸੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਯੁੱਧ ਨਸ਼ਿਆਂ ਵਿਰੁੱਧ ਨੂੰ ਹਰ ਹੀਲੇ ਫ਼ਤਹਿ ਕੀਤਾ ਜਾਵੇਗਾ। ਐੱਸ.ਐੱਸ.ਪੀ. ਗੁਰਦਾਸਪੁਰ ਨੇ ਇਸ ਸਫਲ ਓਪਰੇਸ਼ਨ ਲਈ ਪੰਜਾਬ ਪੁਲਸ ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਸ਼ਾਬਾਸ਼ੀ ਦਿੱਤੀ ਹੈ।


author

Rakesh

Content Editor

Related News