ਟ੍ਰੈਫਿਕ ਵਿਵਸਥਾ ਸੁਧਾਰਨ ਗੁਰਦਾਸਪੁਰ ਪੁਲਸ ਵੱਲੋਂ ਵੱਡੀ ਕਾਰਵਾਈ, 787 ਵਾਹਨਾਂ ਦੇ ਕੱਟੇ ਚਲਾਨ

Monday, Feb 27, 2023 - 06:58 PM (IST)

ਟ੍ਰੈਫਿਕ ਵਿਵਸਥਾ ਸੁਧਾਰਨ ਗੁਰਦਾਸਪੁਰ ਪੁਲਸ ਵੱਲੋਂ ਵੱਡੀ ਕਾਰਵਾਈ, 787 ਵਾਹਨਾਂ ਦੇ ਕੱਟੇ ਚਲਾਨ

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਸ਼ਹਿਰ ਅਤੇ ਆਸ ਪਾਸ ਇਲਾਕੇ ਅੰਦਰ ਆਵਾਜਾਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਐੱਸ.ਐੱਸ.ਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਪੁਲਸ ਨੇ ਵੱਖ ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ 16 ਫਰਵਰੀ ਤੋਂ 26 ਫਰਵਰੀ ਤੱਕ 787 ਵਾਹਨਾਂ ਦੇ ਚਲਾਨ ਕੱਟੇ ਹਨ ਜਦੋਂ ਕਿ 40 ਵਾਹਨ ਇੰਪਾਊਂਡ ਵੀ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਦਾਯਮਾ ਹਰੀਸ਼ ਕੁਮਾਰ ਨੇ ਦੱਸਿਆ ਕਿ ਪੁਲਸ ਵੱਲੋਂ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਕਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਬਾਵਜੂਦ ਨਾਜਾਇਜ਼ ਪਾਰਕਿੰਗ ਸਮੇਤ ਬੇਨਿਯਮੀਆਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਫਿਰ ਕੰਬੀ ਤੁਰਕੀ ਦੀ ਧਰਤੀ, 5.6 ਦੀ ਤੀਬਰਤਾ ਨਾਲ ਆਇਆ ਭੂਚਾਲ, ਕਈ ਇਮਾਰਤਾਂ ਤਬਾਹ

ਇਸ ਕਾਰਨ ਅਕਸਰ ਗੁਰਦਾਸਪੁਰ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਇਸ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰਕੇ ਪੁਲਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਤਹਿਤ ਇਕੋ ਦਿਨ ਵਿਚ ਕਰੀਬ 250 ਚਲਾਨ ਕੀਤੇ ਗਏ ਜਦੋਂ ਕਿ ਪਿਛਲੇ ਕਰੀਬ 10 ਦਿਨਾਂ ਵਿਚ 787 ਵਾਹਨਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬੱਸਾਂ ਦੇ ਚਾਲਕ ਵੀ ਨਿਰਧਾਰਿਤ ਜਗ੍ਹਾ 'ਤੇ ਹੀ ਸਵਾਰੀਆਂ ਬਿਠਾਉਣ ਅਤੇ ਉਤਾਰਨ। ਕਿਸੇ ਵੀ ਵਾਹਨ ਦੀ ਪਾਰਕਿੰਗ ਕਰਨ ਮੌਕੇ ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਕਿ ਆਵਾਜਾਈ 'ਚ ਵਿਘਨ ਨਾ ਪਵੇ।

ਇਹ ਵੀ ਪੜ੍ਹੋ : ਕੈਲਗਰੀ ਦੇ MP ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ, ਕੈਨੇਡਾ ਤੇ ਪੰਜਾਬ ਦੇ ਰਿਸ਼ਤੇ ਨੂੰ ਲੈ ਕੇ ਕਹੀ ਇਹ ਗੱਲ

ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਰਾ ਸਾਮਾਨ ਦੁਕਾਨਾਂ ਦੀ ਨਿਰਧਾਰਿਤ ਜਗ੍ਹਾ ਵਿਚ ਹੀ ਰੱਖਣ। ਐੱਸ.ਐੱਸ.ਪੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਚੈਕਿੰਗ ਦਾ ਇਹ ਸਿਲਸਿਲਾ ਜਾਰੀ ਰਹੇਗਾ। ਇਸ ਲਈ ਲੋਕ ਆਪਣੇ ਵਾਹਨ ਦੇ ਕਾਗਜ਼ ਪੱਤਰ ਪੂਰੇ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਤਾਂ ਜੋ ਟ੍ਰੈਫਿਕ ਦੀ ਸਮੱਸਿਆ 'ਚ ਸੁਧਾਰ ਲਿਆਂਦਾ ਜਾ ਸਕੇ।


author

Mandeep Singh

Content Editor

Related News