ਗੁਰਦਾਸਪੁਰ ਪੁਲਸ ਦਾ ਐਕਸ਼ਨ: 10 ਦਿਨਾਂ ’ਚ ਕੀਤੇ 12 ਸਰਚ ਅਪ੍ਰੇਸ਼ਨ, 29 ਦੋਸ਼ੀ ਨਸ਼ੇ ਸਮੇਤ ਕਾਬੂ

Tuesday, Mar 11, 2025 - 06:00 PM (IST)

ਗੁਰਦਾਸਪੁਰ ਪੁਲਸ ਦਾ ਐਕਸ਼ਨ: 10 ਦਿਨਾਂ ’ਚ ਕੀਤੇ 12 ਸਰਚ ਅਪ੍ਰੇਸ਼ਨ, 29 ਦੋਸ਼ੀ ਨਸ਼ੇ ਸਮੇਤ ਕਾਬੂ

ਗੁਰਦਾਸਪੁਰ (ਹਰਮਨ,ਵਿਨੋਦ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਐਕਸ਼ਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਸ ਵੱਲੋਂ 1 ਮਾਰਚ 2025 ਤੋਂ ਅੱਜ ਤੱਕ ਕਰੀਬ 10 ਦਿਨਾਂ ਵਿਚ ਵੱਖ-ਵੱਖ ਥਾਵਾਂ 'ਤੇ 12 ਸਪੈਸ਼ਲ ਓਪਰੇਸ਼ਨ ਚਲਾਏ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਗੁਰਦਾਸਪੁਰ ਪੁ‌ਲਸ ਨੇ ਐੱਨ.ਡੀ.ਪੀ.ਐੱਸ. ਐਕਟ ਤਹਿਤ 20 ਮੁਕੱਦਮੇ ਦਰਜ ਕਰਕੇ 29 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਕੋਲੋਂ 619.52 ਗਰਾਮ ਹੈਰੋਇਨ, 484 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ 57,410 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। 

ਜ਼ਿਲ੍ਹਾ ਪੁਲਸ ਵੱਲੋਂ ਆਬਕਾਰੀ ਐਕਟ ਤਹਿਤ 4 ਮੁਕੱਦਮੇ ਦਰਜ ਕਰਕੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ 21000 ਐੱਮ.ਐੱਲ. ਨਜਾਇਜ਼ ਸ਼ਰਾਬ ਅਤੇ 30 ਕਿੱਲੋ ਲਾਹਣ ਬਰਾਮਦ ਹੋਈ ਹੈ। ਇਸ ਦੇ ਨਾਲ ਹੀ ਗੁਰਦਾਸਪੁਰ ਪੁਲਸ ਨੇ ਅਸਲਾ ਐਕਟ ਤਹਿਤ 01 ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਕੋਲੋਂ 2 ਪਿਸਟਲ ਸਮੇਤ ਮੈਗਜ਼ੀਨ ਬਰਾਮਦ ਹੋਏ ਹਨ।

ਐੱਸ.ਐੱਸ.ਪੀ. ਨੇ ਦੱਸਿਆ ਕਿ ਗੁਰਦਾਸਪੁਰ ਪੁਲਸ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜਿੱਥੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਓਥੇ ਆਮ ਜਨਤਾ ਨੂੰ ਵੀ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਪੁਲਸ ਵੱਲੋਂ 10 ਸੰਪਰਕ ਮੀਟਿੰਗਾਂ ਕੀਤੀਆਂ ਗਈਆਂ ਹਨ। ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 567 ਵਿਅਕਤੀਆਂ ਦੇ ਟਰੈਫ਼ਿਕ ਚਲਾਨ ਕੱਟੇ ਗਏ ਹਨ।

ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਪੁਲਿਸ ਦਾ ਸਾਥ ਦੇਣ ਅਤੇ ਨਸ਼ਿਆਂ ਦਾ ਅਤੇ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਇਤਲਾਹ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿੱਚ ਨਸ਼ਿਆਂ ਅਤੇ ਹੋਰ ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਅਨਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ।


author

Shivani Bassan

Content Editor

Related News