ਨੰਗਲੀ ਗਰੁੱਪ ਦੇ ਟਿਕਾਣਿਆਂ 'ਤੇ ਸੀ. ਬੀ. ਆਈ. ਨੇ ਮਾਰਿਆ ਛਾਪਾ

Friday, Mar 30, 2018 - 11:27 AM (IST)

ਨੰਗਲੀ ਗਰੁੱਪ ਦੇ ਟਿਕਾਣਿਆਂ 'ਤੇ ਸੀ. ਬੀ. ਆਈ. ਨੇ ਮਾਰਿਆ ਛਾਪਾ

ਗੁਰਦਾਸਪੁਰ (ਦੀਪਕ, ਵਿਨੋਦ) : ਨੰਗਲੀ ਗਰੁੱਪ ਦੇ 2 ਭਰਾਵਾਂ ਦੇ ਗੁਰਦਾਸਪੁਰ ਦੋ ਘਰਾਂ ਸਮੇਤ ਵੱਖ-ਵੱਖ ਪੰਜ ਥਾਵਾਂ 'ਤੇ ਸੀ. ਬੀ. ਆਈ. ਦੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੇ ਪੰਜ ਟੀਮਾਂ ਬਣਾ ਕੇ ਸਵੇਰੇ 6 ਵਜੇ ਤੋਂ ਛਾਪੇਮਾਰੀ ਕੀਤੀ, ਜੋ ਦੇਰ ਸ਼ਾਮ ਤੱਕ ਜਾਰੀ ਰਹੀ। ਇਸ ਮੌਕੇ ਗੁਰਦਾਸਪੁਰ ਸਿਟੀ ਪੁਲਸ ਦੇ ਅਧਿਕਾਰੀ ਵੀ ਇਨ੍ਹਾਂ ਨਾਲ ਮੌਜੂਦ ਸਨ। 
ਸੀ. ਬੀ. ਆਈ. ਦੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਨੇ ਆਪਣਾ ਨਾਂ ਗੁਪਤ ਰੱਖ ਕੇ ਦੱਸਿਆ ਕਿ ਨੰਗਲੀ ਗਰੁੱਪ (ਰਾਈਸ ਮਿੱਲਾਂ ਦੇ ਕਾਰੋਬਾਰੀ), ਵੱਲੋਂ ਬੈਂਕ ਆਫ ਇੰਡੀਆ, ਸਟੇਟ ਬੈਂਕ ਆਫ ਪਟਿਆਲਾ ਅਤੇ ਪੰਜਾਬ ਨੈਸ਼ਨਲ ਬੈਂਕ ਤੋਂ ਧੋਖਾਦੇਹੀ ਨਾਲ 88 ਕਰੋੜ ਰੁਪਏ ਦਾ ਕਰਜ਼ਾ  ਲਿਆ ਹੈ। 
ਇਸ ਸਬੰਧੀ ਸਾਨੂੰ ਇਨ੍ਹਾਂ ਬੈਂਕਾਂ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ, ਜਿਸ ਦੇ ਮਗਰੋਂ ਅਸੀਂ ਸਪੈਸ਼ਲ ਦਿੱਲੀ ਤੋਂ ਆ ਕੇ ਇਨ੍ਹਾਂ ਦੇ ਗੁਰਦਾਸਪੁਰ 'ਚ ਦੋ ਘਰਾਂ ਵਿਚ ਛਾਪੇਮਾਰੀ ਕੀਤੀ ਜਿਨ੍ਹਾਂ ਵਿਚ ਇਕ ਬੀ. ਐੱਸ. ਐੱਫ. ਰੋਡ 'ਤੇ ਸਥਿਤ ਮਨੋਜ ਕੁਮਾਰ ਦੇ ਘਰ ਅਤੇ ਗੁਰਦਾਸਪੁਰ ਦੇ ਡਾਲਾ-ਲੈਂਡ ਵਿਚ ਸਤੀਸ਼ ਕੁਮਾਰ ਦੇ ਘਰ ਵਿਚ ਦੋ ਵੱਖ-ਵੱਖ ਟੀਮਾਂ ਭੇਜੀਆਂ ਗਈਆਂ। ਇਸ ਦੇ ਨਾਲ ਹੀ ਅਸੀਂ ਹੁਸ਼ਿਆਰਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਸਥਿਤ ਇਨ੍ਹਾਂ ਟਿਕਾਣਿਆਂ 'ਤੇ ਵੀ ਟੀਮਾਂ ਭੇਜ ਕੇ ਛਾਪੇਮਾਰੀ ਕੀਤੀ ਹੈ ਅਤੇ ਦਸਤਾਵੇਜ਼ਾਂ ਨੂੰ ਕਬਜ਼ੇ ਵਿਚ ਲਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਅਜੇ ਵੀ ਸਾਡੀ ਜਾਂਚ- ਪੜਤਾਲ ਜਾਰੀ ਹੈ, ਜੋ ਦੇਰ ਰਾਤ ਤੱਕ ਜਾਰੀ ਰਹੇਗੀ।


Related News