ਲੰਮੇ ਸਮੇਂ ਮਗਰੋਂ ਗੁਰਦਾਸਪੁਰ ਸੀਟ ''ਤੇ ਸਥਾਨਕ ਚਿਹਰਿਆਂ ਵਿਚਾਲੇ ਹੋਵੇਗੀ ਟੱਕਰ, ਪੜ੍ਹੋ ਹੁਣ ਤਕ ਦਾ ਇਤਿਹਾਸ

05/25/2024 6:28:31 PM

ਗੁਰਦਾਸਪੁਰ (ਵੈੱਬ ਡੈਸਕ): ਦੇਸ਼ ਵਿਚ ਜਾਰੀ ਲੋਕ ਸਭਾ ਚੋਣਾਂ ਤਹਿਤ ਪੰਜਾਬ ਵਿਚ ਆਖਰੀ ਪੜਾਅ ਤਹਿਤ 1 ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ। ਪੈਰਾਸ਼ੂਟ ਐਂਟਰੀਆਂ ਅਤੇ ਵੱਡੇ ਸਟਾਰਾਂ ਦੇ ਚੋਣ ਲੜਣ ਕਾਰਨ ਹਾਟ ਸੀਟ ਵਜੋਂ ਜਾਣੀ ਜਾਂਦੀ ਇਸ ਸੀਟ 'ਤੇ ਲੰਮੇ ਸਮੇਂ ਮਗਰੋਂ ਸਾਰੀਆਂ ਪਾਰਟੀਆਂ ਨੇ ਸਥਾਨਕ ਆਗੂਆਂ 'ਤੇ ਹੀ ਭਰੋਸਾ ਜਤਾਇਆ ਹੈ। ਭਾਜਪਾ ਨੇ ਜਿੱਥੇ ਮੌਜੂਦਾ ਸੰਸਦ ਮੈਂਬਰ ਅਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਦੀ ਟਿਕਟ ਕੱਟ ਕੇ ਦਿਨੇਸ਼ ਬੱਬੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਤਾਂ ਕਾਂਗਰਸ ਨੇ ਆਪਣੇ ਸੀਨੀਅਰ ਲੀਡਰ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਡਾ. ਦਲਜੀਤ ਚੀਮਾ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਬਟਾਲਾ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਟਿਕਟ ਦਿੱਤੀ ਹੈ। ਬਹੁਜਨ ਸਮਾਜ ਪਾਰਟੀ ਵੱਲੋਂ ਵੀ ਰਾਜ ਕੁਮਾਰ ਜਨੋਤਰਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਸੋਸ਼ਲ ਮੀਡੀਆ 'ਤੇ ਵਾਇਰਲ ਲੈਟਰ ਨੇ ਕਾਂਗਰਸ 'ਚ ਪਾਈਆਂ ਭਾਜੜਾਂ! ਰਾਜਾ ਵੜਿੰਗ ਨੇ ਦੱਸੀ ਅਸਲੀਅਤ

ਇਸ ਵਾਰ ਦੀਆਂ ਚੋਣਾਂ ਵਿਚ ਖ਼ਾਸ ਗੱਲ ਇਹ ਹੈ ਕਿ ਸਾਰੀਆਂ ਹੀ ਪਾਰਟੀਆਂ ਨੇ ਵੱਡੇ ਚਿਹਰਿਆਂ ਦੀ ਬਜਾਏ ਸਥਾਨਕ ਚਿਹਰਿਆਂ ਨੂੰ ਤਰਜੀਹ ਦਿੱਤੀ ਹੈ। ਜੇਕਰ ਪਿਛਲੇ 26 ਸਾਲਾਂ ਦੇ ਇਤਿਹਾਸ 'ਤੇ ਇਕ ਝਾਤ ਮਾਰੀ ਜਾਵੇ ਤਾਂ ਇੱਥੋਂ ਬਾਹਰੀ ਲੀਡਰਾਂ ਜਾਂ ਫ਼ਿਲਮੀ ਸਿਤਾਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਂਦਾ ਰਿਹਾ ਹੈ, ਪਰ ਇਸ ਵਾਰ ਸਾਰੀਆਂ ਪਾਰਟੀਆਂ ਨੇ ਹੀ ਇੱਥੋਂ ਦੇ ਹੀ ਰਹਿਣ ਵਾਲੇ ਲੀਡਰਾਂ 'ਤੇ ਭਰੋਸਾ ਜਤਾਇਆ ਹੈ। ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਸੁਜਾਨਪੁਰ ਵਿਧਾਨ ਸਭਾ ਹਲਕੇ ਨਾਲ ਸਬੰਧਤ ਹਨ। ਡਾ. ਦਲਜੀਤ ਸਿੰਘ ਚੀਮਾ ਜ਼ਿਲ੍ਹਾ ਗੁਰਦਾਸਪੁਰ ਦੇ ਹੀ ਸ੍ਰੀ ਹਰਗੋਬਿੰਦਪੁਰ ਦੇ ਹੀ ਜੰਮਪਲ ਹਨ। ਸ਼ੈਰੀ ਕਲਸੀ ਬਟਾਲਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਦੇ ਮੌਜੂਦਾ ਵਿਧਾਇਕ ਹਨ।

ਗੁਰਦਾਸਪੁਰ ਲੋਕ ਸਭਾ ਸੀਟ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 6 'ਤੇ ਕਾਂਗਰਸ ਦੇ ਵਿਧਾਇਕ ਕਾਬਜ਼ ਹਨ। ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇੱਥੋਂ ਹੀ 2017 ਵਿਚ ਹੋਈ ਜ਼ਿਮਣੀ ਚੋਣ ਕਾਂਗਰਸ ਵੱਲੋਂ ਜਿੱਤ ਕੇ ਲੋਕ ਸਭਾ ਦੀਆਂ ਪੌੜੀਆਂ ਚੜ੍ਹੇ ਸਨ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਗੁਰਦਾਸਪੁਰ ਦੇ ਅਧੀਨ ਪੈਂਦੇ ਪਠਾਨਕੋਟ ਹਲਕੇ ਤੋਂ ਵਿਧਾਇਕ ਹਨ। ਉੱਥੇ ਹੀ ਕਾਂਗਰਸ ਨੇ ਗੁਰਦਾਸਪੁਰ ਹਲਕੇ ਅਧੀਨ ਪੈਂਦੀ ਡੇਰਾ ਬਾਬਾ ਨਾਨਕ ਸੀਟ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਨੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਇਸ ਵਾਰ ਲੋਕ ਸਭਾ ਦਾ ਉਮੀਦਵਾਰ ਐਲਾਨਿਆ ਹੈ। 

1998 ਤੋਂ ਗੁਰਦਾਸਪੁਰ ਤੋਂ ਵੱਡੇ ਚਿਹਰੇ ਬਣਦੇ ਆ ਰਹੇ ਨੇ ਸੰਸਦ

ਗੁਰਦਾਸਪੁਰ ਹਲਕੇ ਦੇ ਇਤਿਹਾਸ ਤੇ ਜੇਕਰ ਇਕ ਝਾਤ ਮਾਰੀਏ ਤਾਂ 1952 ਕੋਂ ਲੈ ਕੇ 1976 ਤਕ ਇਹ ਕਾਂਗਰਸ ਦਾ ਗੜ੍ਹ ਰਿਹਾ। ਇੱਥੋਂ 1952 ਵਿਚ ਤੇਜਾ ਸਿੰਘ ਅਕਰਪੁਰੀ, 1957, 1962 ਅਤੇ 1967 ਵਿਚ ਦੀਵਾਨ ਚੰਦ ਸ਼ਰਮਾ ਅਤੇ 1968 (ਜ਼ਿਮਣੀ ਚੋਣ) ਤੇ 1971 ਵਿਚ ਪ੍ਰਬੋਧ ਚੰਦਰ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਂਦੇ ਰਹੇ ਹਨ। 1977 ਵਿਚ ਜਨਤਾ ਪਾਰਟੀ ਦੇ ਯਗਯ ਦੱਤ ਸ਼ਰਮਾ ਨੇ ਪਹਿਲੀ ਵਾਰ ਇੱਥੋਂ ਕਾਂਗਰਸ ਨੂੰ ਸ਼ਿਕਸਤ ਦਿੱਤੀ। ਪਰ ਉਸ ਮਗਰੋਂ ਸੁਖਬੰਸ ਕੌਰ ਨੇ 1980 ਤੋਂ ਲੈ ਕੇ 1996 ਤਕ ਲਗਾਤਾਰ 5 ਵਾਰ ਇਹ ਸੀਟ ਕਾਂਗਰਸ ਦੀ ਝੋਲੀ ਪਾਈ। 

ਇਹ ਖ਼ਬਰ ਵੀ ਪੜ੍ਹੋ - ਹੰਸ ਰਾਜ ਹੰਸ ਦੇ ਭਾਵੁਕ ਹੋ ਕੇ ਦਿੱਤੇ ਬਿਆਨ ਮਗਰੋਂ Live ਆ ਗਏ ਕਿਸਾਨ ਆਗੂ ਡੱਲੇਵਾਲ, ਆਖੀਆਂ ਇਹ ਗੱਲਾਂ (ਵੀਡੀਓ)

ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੋਂ ਬਾਲੀਵੁੱਡ ਦੇ ਦਿੱਗਜ ਅਦਾਕਾਰ ਵਿਨੋਦ ਖੰਨਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਵਿਨੋਦ ਖੰਨਾ 1998, 1999 ਅਤੇ 2004 ਵਿਚ ਲਗਾਤਾਰ 3 ਵਾਰ ਇੱਥੋਂ ਸੰਸਦ ਮੈਂਬਰ ਬਣੇ। 2009 ਵਿਚ ਕਾਂਗਰਸੀ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਇੱਥੋਂ ਜੇਤੂ ਰਹੇ ਤਾਂ 2014 ਵਿਚ ਇਕ ਵਾਰ ਫ਼ਿਰ ਵਿਨੋਦ ਖੰਨਾ ਨੇ ਇਹ ਸੀਟ ਭਾਜਪਾ ਦੀ ਝੋਲੀ ਪਾਈ। 2017 ਵਿਚ ਉਨ੍ਹਾਂ ਦੇ ਦੇਹਾਂਤ ਮਗਰੋਂ ਹੋਈਆਂ ਜ਼ਿਮਣੀ ਚੋਣਾਂ ਵਿਚ ਕਾਂਗਰਸ ਵੱਲੋਂ ਸੁਨੀਲ ਜਾਖੜ ਜੇਤੂ ਰਹੇ। 2 ਸਾਲ ਮਗਰੋਂ ਭਾਜਪਾ ਨੇ ਇਕ ਵਾਰ ਫ਼ਿਰ ਬਾਲੀਵੁੱਡ ਦੇ ਸਿਤਾਰੇ 'ਤੇ ਹੀ ਦਾਅ ਖੇਡਿਆ। 2019 ਵਿਚ ਇੱਥੋਂ ਸੰਨੀ ਦਿਓਲ ਜੇਤੂ ਰਹੇ। 

ਲੋਕ ਸਭਾ ਹਲਕਾ ਗੁਰਦਾਸਪੁਰ ਸੀਟ ਦਾ ਇਤਿਹਾਸ
ਸਾਲ ਸੰਸਦ ਮੈਂਬਰ ਪਾਰਟੀ ਵੋਟ
1998 ਵਿਨੋਦ ਖੰਨਾ ਭਾਜਪਾ 398,527
1999  ਵਿਨੋਦ ਖੰਨਾ ਭਾਜਪਾ 315,267
2004  ਵਿਨੋਦ ਖੰਨਾ ਭਾਜਪਾ 387,612
2009  ਪ੍ਰਤਾਪ ਸਿੰਘ ਬਾਜਵਾ ਕਾਂਗਰਸ 447,994
2014 ਵਿਨੋਦ ਖੰਨਾ ਭਾਜਪਾ 482,255
2017 (ਜ਼ਿਮਨੀ ਚੋਣ) ਸੁਨੀਲ ਜਾਖੜ ਕਾਂਗਰਸ 499,752
2019 ਸੰਨੀ ਦਿਓਲ ਭਾਜਪਾ 558,719

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News