ਜੰਮੂ-ਕਸ਼ਮੀਰ 'ਚ ਗੋਲੀਬਾਰੀ ਦੌਰਾਨ ਗੁਰਦਾਸਪੁਰ ਦਾ ਜਵਾਨ ਸ਼ਹੀਦ

07/28/2019 12:00:49 PM

ਗੁਰਦਾਸਪੁਰ :  ਗੁਰਦਾਸਪੁਰ ਦੇ ਪਿੰਡ ਪੱਬਾਂਰਾਲੀ ਦੇ ਫੌਜੀ ਜਵਾਨ ਰਜਿੰਦਰ ਸਿੰਘ ਦੀ ਕਸ਼ਮੀਰ 'ਚ ਪਾਕਿਸਤਾਨੀ ਫੌਜ ਦੀ ਗੋਲੀ ਕਾਰਨ ਸ਼ਹੀਦ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਬੀਤੇ ਦਿਨ ਉਹ ਮਾਛਲ ਸੈਕਟਰ 'ਚ ਡਿਊਟੀ 'ਤੇ ਤਾਇਨਾਤ ਸੀ ਅਤੇ ਪਾਕਿਸਤਾਨ ਵਲੋਂ ਗੋਲੀਬੰਦੀ ਦੀ ਉਲੰਘਣਾ ਕਾਰਨ ਰਜਿੰਦਰ ਸਿੰਘ ਦੀ ਜਾਨ ਚਲੀ ਗਈ। ਸ਼ਹੀਦ ਜਵਾਨ ਰਜਿੰਦਰ ਸਿੰਘ ਦਾ ਕਰੀਬ ਡੇਢ ਸਾਲ ਪਹਿਲਾ ਹੀ ਵਿਆਹ ਹੋਇਆ ਸੀ ਤੇ ਉਸ ਦਾ ਇਕ ਸੱਤ ਮਹੀਨੇ ਦਾ ਬੇਟਾ ਵੀ ਹੈ। ਵਿਆਹ ਤੋਂ ਬਾਅਦ ਉਹ ਕੇਵਲ ਦੋ ਵਾਰ ਹੀ ਛੁੱਟੀ 'ਤੇ ਘਰ ਆਇਆ ਸੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਦੇ ਭਰਾ ਦਲਵਿੰਦਰ ਸਿੰਘ ਦੱਸਿਆ ਕਿ ਰਜਿੰਦਰ ਸਿੰਘ ਚਾਰ ਸਾਲ ਪਹਿਲਾ ਹੀ ਫੌਜ ਭਰਤੀ ਹੋਇਆ ਸੀ ਤੇ ਮਾਰਚ ਮਹੀਨੇ ਵਿੱਚ ਛੁੱਟੀ ਕੱਟ ਕੇ ਗਿਆ ਸੀ। ਬੀਤੇ ਦਿਨੀਂ ਉਸ ਨੇ ਫ਼ੋਨ ਕਰ ਕੇ ਕਿਹਾ ਸੀ ਕਿ ਡਿਊਟੀ ਕਾਰਨ ਹੁਣ ਉਹ ਤਿੰਨ ਦਿਨ ਤਕ ਗੱਲ ਨਹੀਂ ਕਰ ਸਕੇਗਾ। ਇਸ ਦੌਰਾਨ ਉਸ ਦੀ ਮੌਤ ਦੀ ਖਬਰ ਆ ਗਈ।

ਸ਼ਹੀਦ ਦੀ ਮਾਂ ਨੇ ਦੱਸਿਆ ਕਿ ਦੇਸ਼ ਦੀ ਸੇਵਾ ਕਰਨ ਲਈ ਉਹ ਫੌਜ 'ਚ ਭਰਤੀ ਹੋਇਆ ਸੀ। ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ ਅਤੇ ਰਜਿੰਦਰ ਦੇ ਫੌਜ 'ਚ ਜਾਣ ਕਾਰਨ ਪਰਿਵਾਰ ਨੂੰ ਕਾਫੀ ਸਹਾਰਾ ਲੱਗਿਆ ਸੀ। 

ਰਜਿੰਦਰ ਦੇ ਸਹੁਰੇ ਤੇ ਸਾਬਕਾ ਫੌਜੀ ਗੁਲਜ਼ਾਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਸੀ ਤੇ ਉੱਧਰੋਂ ਪਾਕਿਸਤਾਨ ਨੇ ਗੋਲੀਬਾਰੀ ਕਰ ਦਿੱਤੀ ਤੇ ਰਜਿੰਦਰ ਦੀ ਜਾਨ ਚਲੀ ਗਈ। ਉਨ੍ਹਾਂ ਕਿਹਾ ਕਿ ਦੋਵਾਂ ਸਰਕਾਰਾਂ 'ਚ ਕੋਈ ਤਾਲਮੇਲ ਨਹੀਂ ਹੈ, ਸਿਆਸਤਦਾਨਾਂ ਦੀ ਕੁਰਸੀ ਤਾਂ ਬਰਕਰਾਰ ਹੈ ਪਰ ਜਵਾਨ ਉਨ੍ਹਾਂ ਦੇ ਸ਼ਹੀਦ ਹੋ ਰਹੇ ਹਨ।


Baljeet Kaur

Content Editor

Related News