5ਵੀਂ ’ਚ ਪੜ੍ਹਦੇ ਬੱਚੇ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਹੋਸਟਲ ਵਾਰਡਨ ਨੂੰ 10 ਸਾਲ ਕੈਦ
Friday, Aug 30, 2019 - 10:36 AM (IST)
ਗੁਰਦਾਸਪੁਰ (ਹਰਮਨਪ੍ਰੀਤ, ਵਿਨੋਦ) - ਅੱਜ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਨੇ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਹੋਸਟਲ ਵਿਚ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਹੋਸਟਲ ਦੇ ਵਾਰਡਨ ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਥਾਣਾ ਸਦਰ ਬਟਾਲਾ ਨਾਲ ਸਬੰਧਤ ਹੈ, ਜਿਸ ਤਹਿਤ ਇਕ ਨਾਬਾਲਗ ਲੜਕੇ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦਾ ਲੜਕਾ ਬਟਾਲਾ ਦੇ ਅੰਮ੍ਰਿਤਸਰ ਰੋਡ ’ਤੇ ਸਥਿਤ ਇਕ ਸਕੂਲ ਵਿਚ ਪੜਦਾ ਸੀ ਤੇ ਉਹ ਸਕੂਲ ਦੇ ਹੋਸਟਲ ਵਿਚ ਹੀ ਰਹਿੰਦਾ ਸੀ। ਉਸ ਹੋਸਟਲ ਦਾ ਵਾਰਡਨ ਗੁਲਸ਼ਨ ਕੁਮਾਰ ਸੀ।
ਉਨ੍ਹਾਂ ਦੱਸਿਆ ਕਿ ਪੇਪਰ ਖਤਮ ਹੋਣ ਦੇ ਬਾਅਦ ਜਦੋਂ ਉਸ ਦਾ ਲੜਕਾ ਘਰ ਆਇਆ ਤਾਂ ਉਹ ਸਹਿਮਿਆ ਰਹਿੰਦਾ ਸੀ। ਜਿਸ ਨੂੰ ਵਾਰ ਵਾਰ ਪੁੱਛਣ ’ਤੇ ਉਸ ਨੇ ਦੱਸਿਆ ਕਿ ਹੋਸਟਲ ਦਾ ਵਾਰਡਨ ਗੁਲਸ਼ਨ ਉਸ ਨੂੰ ਪੇਪਰਾਂ ਵਿਚ ਫੇਲ ਕਰਵਾਉਣ ਦਾ ਡਰਾਵਾ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ। ਉਨ੍ਹਾਂ ਸ਼ਿਕਾਇਤ ਵਿਚ ਇਹ ਵੀ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਇਸ ਸਕੂਲ ਦੇ ਮਾਲਕ ਨੂੰ ਇਸ ਸਬੰਧੀ ਦੱਸਿਆ ਤਾਂ ਉਨ੍ਹਾਂ ਕੋਈ ਹੋਰ ਇਲਜ਼ਾਮ ਲਾ ਕੇ ਗੁਲਸ਼ਨ ਨੂੰ ਸਕੂਲ ’ਚੋਂ ਕੱਢ ਦਿੱਤਾ। ਪੁਲਸ ਨੇ ਇਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ 8 ਜੁਲਾਈ ਨੂੰ 2016 ਨੂੰ ਗੁਲਸ਼ਨ ਕੁਮਾਰ ਖਿਲਾਫ ਧਾਰਾ 377 ਅਤੇ 506 ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ਦੀ ਸੁਣਵਾਈ ਕਰਦਿਆਂ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਗੁਲਸ਼ਨ ਕੁਮਾਰ ਨੂੰ ਪੋਕਸੋ ਐਕਟ ਤਹਿਤ 10 ਸਾਲ ਕੈਦ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ, ਜਦੋਂ ਕਿ 506 ਤਹਿਤ 2 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।