ਗੁਰਦਾਸਪੁਰ ਲੋਕ ਸਭਾ ਉਪ ਚੋਣ ਲਈ ਭਾਜਪਾ ਨੇ ਕੱਸੀ ਕਮਰ, 9 ਵਿਧਾਨ ਸਭਾ ਹਲਕਿਆਂ ਦੇ ਇੰਚਾਰਜ਼ ਥਾਪੇ

Monday, Jul 31, 2017 - 07:12 PM (IST)

ਚੰਡੀਗੜ੍ਹ (ਬਿਊਰੋ)— ਗੁਰਦਾਸਪੁਰ ਲੋਕ ਸਭਾ ਚੋਣਾਂ ਦੀ ਤਿਆਰੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਜਨਤਾ ਪਾਰਟੀ ਨੇ ਅਪਣੇ ਸੀਨੀਅਰ, ਅਨੁਭਵੀ ਆਗੂਆਂ, ਜਿਨ੍ਹਾਂ ਵਿਚ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਮੰਤਰੀ ਪ੍ਰਮੁੱਖ ਹਨ, ਨੂੰ ਗੁਰਦਾਸਪੁਰ ਲੋਕ ਸਭਾ ਦੇ ਅਧੀਨ ਆਉਂਦੀਆਂ 9 ਵਿਧਾਨ ਸਭਾ ਹਲਕਿਆਂ  ਵਿਚ ਪਾਰਟੀ ਦੀ ਜਿੱਤ ਪੱਕੀ ਕਰਨ ਲਈ ਜ਼ਿੰਮੇਵਾਰੀਆਂ ਸੌਂਪੀਆਂ ਹਨ। ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾ ਆਫਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਿਜੇ ਸਾਂਪਲਾ ਦੀ ਪ੍ਰਧਾਨਗੀ ਵਿਚ ਸੂਬਾ ਆਹੁਦੇਦਾਰਾਂ ਦੀ ਬੈਠਕ ਹੋਈ, ਜਿਸ ਵਿਚ ਗੁਰਦਾਸਪੁਰ ਚੋਣਾਂ ਦੀ ਜਿੱਤ ਪੱਕੀ ਕਰਨ ਦੇ ਲਈ ਸਾਰੇ ਆਹੁਦੇਦਾਰਾਂ ਨੇ ਆਪਣੇ ਸੁਝਾਅ ਦਿੱਤੇ, ਉਥੇ ਹੀ ਸਾਂਪਲਾ ਨੇ ਗੁਰਦਾਸਪੁਰ ਲੋਕ ਸਭਾ ਦੇ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਦੇ ਲਈ ਸੂਬਾ ਆਹੁਦੇਦਾਰਾਂ ਵਿਚੋਂ ਇਕ-ਇਕ ਵਿਅਕਤੀ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਕੋਰ ਗਰੁੱਪ ਮੈਂਬਰਾਂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਵੀ ਇਕ-ਇਕ ਵਿਧਾਨ ਸਭਾ ਹਲਕੇ ਦਾ ਕਾਰਜਭਾਰ ਸੌਂਪਿਆ।
ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਦੱÎਸਿਆ ਕਿ ਸੂਬਾ ਪ੍ਰਧਾਨ ਸਾਂਪਲਾ ਨੇ ਸੁਜਾਨਪੁਰ ਵਿਧਾਨ ਸਭਾ ਲਈ ਕੋਰ ਗਰੁੱਪ ਮੈਂਬਰਾਂ ਵਿਚੋਂ ਪ੍ਰੋ. ਰਜਿੰਦਰ ਭੰਡਾਰੀ ਅਤੇ ਸੂਬਾ ਅਹੁਦੇਦਾਰਾਂ ਵਿਚੋਂ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ ਨੂੰ ਚੋਣ ਇੰਚਾਰਜ਼ ਨਿਯੁਕਤ ਕੀਤਾ ਹੈ। ਇਸੇ ਤਰ੍ਹਾਂ ਭੋਆ ਵਿਧਾਨ ਸਭਾ ਦੇ ਲਈ ਪ੍ਰੋ. ਬ੍ਰਿਜ ਲਾਲ ਰਿਣਵਾ ਦੇ ਨਾਲ ਕੁਮਾਰੀ ਓਮੇਸ਼ ਸ਼ਾਕਰ ਅਤੇ ਨਰੇਂਦਰ ਪਰਮਾਰ, ਪਠਾਨਕੋਟ ਵਿਧਾਨਸਭਾ ਵਿਚ ਮਨੋਰੰਜਨ ਕਾਲੀਆ ਅਤੇ ਅਨਿਲ ਸਰੀਨ, ਗੁਰਦਾਸਪੂਰ ਵਿਧਾਨਸਭਾ ਵਿਚ ਮਦਨ ਮੋਹਨ ਮਿੱਤਲ ਅਤੇ ਅਨਿਲ ਸੱਚਰ, ਦੀਨਾਨਗਰ ਵਿਧਾਨ ਸਭਾ ਵਿਚ ਕਮਲ ਸ਼ਰਮਾ ਅਤੇ ਰਾਜਕੁਮਾਰ ਪਾਠੀ, ਕਾਦੀਆਂ ਵਿਧਾਨ ਸਭਾ ਵਿਚ ਡਾ. ਬਲਦੇਵ ਚਾਵਲਾ ਅਤੇ ਵਿਜੇ ਪੂਰੀ, ਬਟਾਲਾ ਵਿਧਾਨ ਸਭਾ ਵਿਚ ਅਵਿਨਾਸ਼ ਰਾਏ ਖੰਨਾ ਅਤੇ ਗੁਰਦੇਵ ਸ਼ਰਮਾ, ਫਤਿਹਗੜ੍ਹ ਚੂੜੀਆਂ ਵਿਚ ਤਰੁਣ ਚੁੱਘ ਅਤੇ ਅਰੁਣੇਸ਼ ਸ਼ਾਕਰ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਵਿਚ ਅਨਿਲ ਜੋਸ਼ੀ ਅਤੇ ਇਕਬਾਲ ਸਿੰਘ ਲਾਲਪੁਰਾ ਨੂੰ ਇੰਚਾਰਜ਼ ਨਿਯੁਕਤ ਕੀਤਾ ਹੈ।


Related News