ਆਪ'' ਲੀਡਰਸ਼ਿਪ ਸਾਹਮਣੇ ਵੱਡੀ ਚੁਣੌਤੀ ਹੈ ਵਲੰਟੀਅਰਾਂ ਦੇ ਮਨੋਬਲ ਨੂੰ ਚੁੱਕਣਾ

09/25/2017 7:11:14 AM

ਗੁਰਦਾਸਪੁਰ  (ਹਰਮਨਪ੍ਰੀਤ ਸਿੰਘ) - ਗੁਰਦਾਸਪੁਰ ਜ਼ਿਮਨੀ ਚੋਣ ਦੌਰਾਨ ਬੇਸ਼ੱਕ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫੈਸਲਾ ਸਬੰਧਿਤ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦੌਰਾਨ ਉਠਾਏ ਜਾ ਰਹੇ ਮੁੱਦਿਆਂ ਅਤੇ ਸਰਕਾਰ ਦੀ ਕਾਰਗੁਜ਼ਾਰੀ ਸਮੇਤ ਕਈ ਮੁੱਦਿਆਂ 'ਤੇ ਨਿਰਭਰ ਕਰੇਗਾ। ਪਰ ਸਿਆਸੀ ਮਾਹਿਰਾਂ ਅਨੁਸਾਰ ਇਸ ਵਾਰ ਚੋਣ ਮੈਦਾਨ 'ਚ ਨਿੱਤਰੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪੈਣ ਵਾਲੀਆਂ ਵੋਟਾਂ 'ਤੇ ਜ਼ਿਆਦਾ ਨਿਰਭਰ ਹੁੰਦਾ ਦਿਖਾਈ ਦੇ ਰਿਹਾ ਹੈ।
ਖਾਸ ਤੌਰ 'ਤੇ ਇਸ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ 'ਚ ਜੇਤੂ ਵਿਧਾਇਕਾਂ ਦੀ ਪਿਛਲੀ ਲੀਡ ਬਰਕਰਾਰ ਰਹਿਣ ਜਾਂ ਨਾ ਰਹਿ ਸਕਣ ਦਾ ਬਹੁਤਾ ਦਾਰੋਮਦਾਰ ਵੀ ਇਸ ਤੀਸਰੀ ਧਿਰ ਆਮ ਆਦਮੀ ਪਾਰਟੀ ਨੂੰ ਪੈਣ ਵਾਲੀਆਂ ਵੋਟਾਂ ਦੇ ਸਿਰ ਹੀ ਟਿਕਿਆ ਹੋਇਆ ਹੈ।
'ਆਪ' ਦੀ ਕਾਰਗੁਜ਼ਾਰੀ 'ਤੇ ਨਿਰਭਰ ਰਹੀ ਸੀ ਜੇਤੂ ਵਿਧਾਇਕਾਂ ਦੀ 'ਲੀਡ'
ਇਸੇ ਸਾਲ ਫਰਵਰੀ 'ਚ ਹੋਈਆਂ ਵਿਧਾਨ ਸਭਾ ਚੋਣ ਦੌਰਾਨ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਵੋਟਾਂ ਵਿਚਲੇ ਫਰਕ ਦਾ ਵਿਸ਼ਲੇਸ਼ਣ ਕਰਨ 'ਤੇ ਇਹ ਗੱਲ ਉਭਰਦੀ ਹੈ ਕਿ ਕਾਂਗਰਸ ਦੇ ਜੇਤੂ ਰਹੇ ਵਿਧਾਇਕਾਂ ਦੀ ਲੀਡ ਸਿਰਫ਼ ਉਨ੍ਹਾਂ ਹਲਕਿਆਂ 'ਚ ਜ਼ਿਆਦਾ ਸੀ ਜਿਨ੍ਹਾਂ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਘੱਟ ਵੋਟਾਂ ਮਿਲੀਆਂ। ਮਿਸਾਲ ਦੇ ਤੌਰ 'ਤੇ ਗੁਰਦਾਸਪੁਰ ਵਿਧਾਨ ਸਭਾ ਹਲਕੇ 'ਚ ਕਾਂਗਰਸ ਦੇ ਬਰਿੰਦਰਮੀਤ ਸਿੰਘ ਪਾਹੜਾ ਅਕਾਲੀ-ਭਾਜਪਾ ਗਠਜੋੜ ਦੇ ਗੁਰਬਚਨ ਸਿੰਘ ਬੱਬੇਹਾਲੀ ਕੋਲੋਂ ਕਰੀਬ 28 ਹਜ਼ਾਰ 956 ਵੋਟਾਂ ਦੇ ਵੱਡੇ ਫਰਕ ਨਾਲ ਜਿੱਤੇ ਸਨ ਪਰ ਇਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਜੀਤ ਸਿੰਘ ਚਾਹਲ ਨੂੰ ਸਿਰਫ਼ 6949 ਵੋਟਾਂ ਮਿਲੀਆਂ ਸਨ। ਇਸ ਦੇ ਉਲਟ ਹਲਕਾ ਬਟਾਲਾ 'ਚ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ ਕਾਂਗਰਸ ਦੇ ਅਸ਼ਵਨੀ ਸੇਖੜੀ ਤੋਂ ਸਿਰਫ 485 ਵੋਟਾਂ ਨਾਲ ਜਿੱਤੇ ਸਨ ਕਿਉਂਕਿ ਇਥੇ 'ਆਪ' ਦੇ ਗੁਰਪ੍ਰੀਤ ਸਿੰਘ ਵੜੈਚ 34302 ਵੋਟਾਂ ਲੈਣ 'ਚ ਸਫਲ ਰਹੇ। ਇਸੇ ਤਰ੍ਹਾਂ ਹਲਕਾ ਦੀਨਾਨਗਰ ਹੈ ਜਿਥੇ 'ਆਪ' ਦੇ ਜੋਗਿੰਦਰ ਸਿੰਘ ਛੀਨਾ ਨੂੰ ਸਿਰਫ਼ 10258 ਵੋਟਾਂ ਮਿਲੀਆਂ ਅਤੇ ਕਾਂਗਰਸ ਦੀ ਅਰੁਣਾ ਚੌਧਰੀ ਦੀ ਲੀਡ 31917 ਤੱਕ ਪਹੁੰਚ ਗਈ। ਫਤਿਹਗੜ੍ਹ ਚੂੜੀਆਂ 'ਚ ਵੀ 'ਆਪ' ਦੇ ਉਮੀਦਵਾਰ ਨੂੰ 14665 ਵੋਟਾਂ ਮਿਲਣ ਕਾਰਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਲੀਡ 1999 ਰਹਿ ਗਈ। ਕਾਦੀਆਂ 'ਚ 'ਆਪ' ਦੇ ਕੰਵਲਪ੍ਰੀਤ ਸਿੰਘ ਕਾਕੀ ਨੂੰ 14657 ਵੋਟਾਂ ਪੈਣ ਕਾਰਨ ਫਤਿਹਜੰਗ ਸਿੰਘ ਬਾਜਵਾ ਦੀ ਲੀਡ ਹੋਰ ਹਲਕਿਆਂ 'ਚ ਵੱਡੀ ਲੀਡ ਦੇ ਮੁਕਾਬਲੇ 11737 ਤੱਕ ਰਹਿ ਗਈ ਸੀ।
ਸਿਆਸੀ ਖੇਡ ਨੂੰ ਪ੍ਰਭਾਵਿਤ ਕਰਨਗੇ ਪਠਾਨਕੋਟ ਜ਼ਿਲੇ ਦੇ 'ਬਾਗੀ'
ਪਠਾਨਕੋਟ ਜ਼ਿਲੇ ਦੇ ਤਿੰਨ ਹਲਕਿਆਂ 'ਚੋਂ ਸੁਜਾਨਪੁਰ ਹਲਕਾ ਅਜਿਹਾ ਹੈ, ਜਿਥੇ ਕਾਂਗਰਸ ਤੋਂ ਬਾਗੀ ਹੋ ਕੇ ਵਿਧਾਨ ਸਭਾ ਚੋਣਾਂ ਲੜਨ ਵਾਲੇ ਨਰੇਸ਼ ਪੁਰੀ ਆਪਣੇ ਨਿੱਜੀ ਵੋਟ ਬੈਂਕ ਦੀ ਬਦੌਲਤ ਵਿਧਾਨ ਸਭਾ ਚੋਣਾਂ ਦੌਰਾਨ 28675 ਵੋਟਾਂ ਲੈ ਗਏ ਸਨ ਅਤੇ 'ਆਪ' ਦੇ ਉਮੀਦਵਾਰ ਨੂੰ ਸਿਰਫ 2831 ਵੋਟਾਂ ਮਿਲਣ ਕਾਰਨ ਇਥੋਂ ਭਾਜਪਾ ਦੇ ਦਿਨੇਸ਼ ਬੱਬੂ 18 ਹਜ਼ਾਰ 700 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਸ ਜ਼ਿਲੇ ਦੇ ਪਠਾਨਕੋਟ ਵਿਧਾਨ ਸਭਾ 'ਚ 'ਆਪ' ਦੇ ਉਮੀਦਵਾਰ ਨੂੰ ਸਿਰਫ਼ 6036 ਵੋਟਾਂ ਪੈਣ ਕਾਰਨ ਕਾਂਗਰਸ ਦੇ ਅਮਿਤ ਵਿੱਜ ਦੀ ਲੀਡ 11170 ਸੀ ਜਦੋਂ ਕਿ ਭੋਆ 'ਚ 'ਆਪ' ਨੂੰ 3767 ਵੋਟਾਂ ਹੀ ਮਿਲਣ ਕਾਰਨ ਕਾਂਗਰਸ ਦੇ ਜੋਗਿੰਦਰਪਾਲ ਦੀ ਲੀਡ ਵਧ ਕੇ 27 ਹਜ਼ਾਰ 496 ਤੱਕ ਪਹੁੰਚ ਗਈ ਸੀ। ਇਸ ਕਾਰਨ ਹੁਣ ਵੀ ਨਰੇਸ਼ ਪੁਰੀ ਵਰਗੇ ਆਗੂ ਸਾਰੀ ਖੇਡ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੇ ਹਨ। ਇਸੇ ਤਰ੍ਹਾਂ ਭਾਜਪਾ 'ਚ ਵੀ ਕਈ ਅਜਿਹੇ ਆਗੂ ਹਨ, ਜਿਨਾਂ ਦੀਆਂ ਵੱਖੋ-ਵੱਖ ਸੁਰਾਂ ਉਭਰਦੀਆਂ ਰਹੀਆਂ ਹਨ।
'ਆਪ' ਸਾਹਮਣੇ ਵਲੰਟੀਅਰਾਂ ਦੇ ਮਨੋਬਲ ਨੂੰ ਕਾਇਮ ਰੱਖਣ ਦੀ ਚੁਣੌਤੀ
ਪੰਜਾਬ 'ਚ ਸਰਕਾਰ ਨਾ ਬਣਨ ਕਾਰਨ 'ਆਪ' ਦੀ ਸਥਿਤੀ ਇਹ ਬਣ ਚੁੱਕੀ ਹੈ ਕਿ ਪਾਰਟੀ ਲਈ ਦਿਨ ਰਾਤ ਜੂਝਣ ਵਾਲੇ ਬਹੁ-ਗਿਣਤੀ ਪੁਰਾਣੇ ਵਲੰਟੀਅਰ ਘਰਾਂ 'ਚ ਬੈਠ ਗਏ ਹਨ। ਇਸ ਲਈ ਪਾਰਟੀ ਦੇ ਉਮੀਦਵਾਰ ਅਤੇ ਹੋਰ ਲੀਡਰਸ਼ਿਪ ਸਾਹਮਣੇ ਸਭ ਤੋਂ ਪਹਿਲਾਂ ਆਪਣੇ ਵਲੰਟੀਅਰਾਂ ਦਾ ਮਨੋਬਲ ਚੁੱਕਣਾ ਵੀ ਵੱਡੀ ਚੁਣੌਤੀ ਬਣ ਕੇ ਉਭਰ ਰਿਹਾ ਹੈ।


Related News