ਗੁਰਦਾਸਪੁਰ ਜ਼ਿਮਨੀ ਚੋਣ : ਕਰਤਾਰਪੁਰ ਲਾਂਘਾ ਬਣੇਗਾ ਮੁੱਖ ਮੁੱਦਾ

Tuesday, Sep 19, 2017 - 03:54 AM (IST)

ਗੁਰਦਾਸਪੁਰ ਜ਼ਿਮਨੀ ਚੋਣ : ਕਰਤਾਰਪੁਰ ਲਾਂਘਾ ਬਣੇਗਾ ਮੁੱਖ ਮੁੱਦਾ

ਅੰਮ੍ਰਿਤਸਰ, (ਬਿਊਰੋ)-  ਗੁਰਦਾਸਪੁਰ ਜ਼ਿਮਨੀ ਚੋਣ ਵਿਚ ਕਰਤਾਰਪੁਰ ਲਾਂਘਾ ਮੁੱਖ ਮੁੱਦਾ ਬਣਨ ਜਾ ਰਿਹਾ ਹੈ। ਕਾਂਗਰਸ ਦੇ ਨਾਲ-ਨਾਲ ਭਾਜਪਾ ਵੱਲੋਂ ਵੀ ਇਸ ਮੁੱਦੇ 'ਤੇ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਜਦੋਂ ਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਕਰਤਾਰਪੁਰ ਲਾਂਘੇ ਦੀ ਹਮਾਇਤ ਦਾ ਐਲਾਨ ਕਰ ਚੁੱਕੀ ਹੈ। ਜ਼ਿਮਨੀ ਚੋਣਾਂ 'ਚ ਜੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕਰਤਾਰਪੁਰ ਲਾਂਘੇ 'ਤੇ ਜ਼ੋਰ ਦੇ ਦਿੱਤਾ ਗਿਆ ਤਾਂ ਇਸ ਦੇ ਨਾਲ ਦੋਵਾਂ ਦੇਸ਼ਾਂ 'ਚ ਕੁੜੱਤਣ ਘਟਣ ਦੇ ਅਸਾਰ ਬਣਨਗੇ ਸਗੋਂ ਇਸ ਨਾਲ ਹੀ ਗੁਰਦਾਸਪੁਰ ਦੇ ਵੀ ਭਾਗ ਖੁੱਲ੍ਹ ਜਾਣਗੇ। ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਅਰਦਾਸ ਕਰਦੀਆਂ ਆ ਰਹੀਆਂ ਵੱਖ-ਵੱਖ ਜਥੇਬੰਦੀਆਂ ਵੋਟਰਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨ ਜਾ ਰਹੀਆਂ ਹਨ ਕਿ ਜਿਹੜੀ ਪਾਰਟੀ ਕਰਤਾਰਪੁਰ ਲਾਂਘੇ ਲਈ ਵਾਅਦਾ ਕਰੇਗੀ ਅਤੇ ਨਿਭਾਉਣ ਦੀ ਸਮੱਰਥਾ ਰੱਖਦੀ ਹੋਵੇ, ਨੂੰ ਹੀ ਵੋਟਾਂ ਪਾਉਣ ਦਾ ਐਲਾਨ ਕੀਤਾ ਜਾਵੇ। 
ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਲੋਕ ਸਭਾ 'ਚ ਇਕ ਵਾਰ ਵੀ ਇਸ ਮੁੱਦੇ ਨੂੰ ਨਹੀਂ ਸਨ ਉਠਾ ਸਕੇ ਜਿਸ ਕਾਰਨ ਵੀ ਭਾਜਪਾ 'ਤੇ ਹਲਕੇ ਦੇ ਲੋਕਾਂ ਨੂੰ ਗਿਲਾ ਹੈ ਜਦੋਂ ਕਿ ਜਿੰਨਾ ਚਿਰ ਕਾਂਗਰਸ ਦੀ ਸਰਕਾਰ ਰਹੀ ਓਨਾ ਚਿਰ ਤੱਕ ਅੰਮ੍ਰਿਤਸਰ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਹੇ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੀ ਗੱਲ ਕਰਦੇ ਰਹੇ ਅਤੇ ਹੁਣ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵੱਲੋਂ ਕਰਤਾਰਪੁਰ ਲਾਂਘੇ ਦੇ ਹੱਕ ਵਿਚ ਆਵਾਜ਼ ਉਠਾਈ ਗਈ ਅਤੇ ਇਹ ਵੀ ਦੱਸਿਆ ਗਿਆ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਲਾਂਘੇ ਲਈ ਤਿਆਰ ਹੈ ਪਰ ਮੋਦੀ ਸਰਕਾਰ ਨੂੰ ਆਪਣੀ ਸੌੜੀ ਸੋਚ ਤਿਆਗ ਕੇ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਅਮਲ ਸ਼ੁਰੂ ਕਰਨਾ ਚਾਹੀਦਾ ਹੈ। ਭਾਰਤ ਸਰਕਾਰ ਅਜੇ ਤੱਕ ਵੀ ਇਸ ਸਬੰਧੀ ਕੋਈ ਸਾਕਾਰਾਤਮਿਕ ਰੁਖ਼ ਨਹੀਂ ਅਪਣਾਇਆ ਜਾ ਰਿਹਾ। 
ਸੰਗਰਾਂਦ ਦੇ ਦਿਹਾੜੇ 'ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਡੇਰਾ ਬਾਬਾ ਨਾਨਕ ਭਾਰਤ-ਪਾਕ ਸਰਹੱਦ 'ਤੇ ਫਿਰ ਆਪਣੀ ਮਹੀਨੇਵਾਰ ਅਰਦਾਸ ਕੀਤੀ ਅਤੇ ਅਰਦਾਸ ਤੋਂ ਪਹਿਲਾਂ ਇਹ ਫੈਸਲਾ ਕੀਤਾ ਗਿਆ ਕਿ ਜ਼ਿਮਨੀ ਚੋਣ 'ਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਾਰਟੀਆਂ ਤੋਂ ਵਾਅਦਾ ਲੈਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਸ ਮੁਹਿੰਮ ਲਈ ਸਾਰੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਪਾਰਟੀਆਂ ਤੱਕ ਪਹੁੰਚ ਕੀਤੀ ਜਾਵੇਗੀ। 
ਜਥੇਬੰਦੀ ਦੇ ਮੁਖੀ ਬੀ. ਐੱਸ. ਗੁਰਾਇਆ ਨੇ ਦੱਸਿਆ ਕਿ ਜਥੇਬੰਦੀ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਗੁਰਦਾਸਪੁਰ ਦੀ ਉਪ ਚੋਣ 'ਚ ਸਿਰਫ ਉਸ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇ, ਜਿਹੜਾ ਲਾਂਘੇ ਦੀ ਗੱਲ ਪਾਰਲੀਮੈਂਟ 'ਚ ਕਰਨ ਦਾ ਵਾਅਦਾ ਕਰੇ। ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨੇ ਰਸਤਾ ਦੇਣ ਲਈ ਹਾਮੀ ਭਰੀ ਹੋਈ ਹੈ ਤੇ ਪੰਜਾਬ ਦੀ ਵਿਧਾਨ ਸਭਾ ਵਿਚ ਮਤਾ ਵੀ ਪਾਸ ਹੋ ਚੁੱਕਾ ਹੈ ਪਰ ਬੀਤੇ ਵਿਚ ਗੁਰਦਾਸਪੁਰ ਦੇ ਸੰਸਦ ਮੈਂਬਰ ਨੇ ਇਹ ਮੰਗ ਲੋਕ ਸਭਾ ਵਿਚ ਨਹੀਂ ਉਠਾਈ, ਜਿਸ ਕਰ ਕੇ 17 ਸਾਲ ਬੀਤ ਜਾਣ ਦੇ ਬਾਅਦ ਵੀ ਲਾਂਘਾ ਨਹੀਂ ਖੁੱਲ੍ਹਿਆ। ਅਰਦਾਸ ਮੌਕੇ ਬੀ. ਐੱਸ. ਗੁਰਾਇਆ, ਭਜਨ ਸਿੰਘ ਰੋਡਵੇਜ਼, ਸਰਬਜੀਤ ਸਿੰਘ ਕਲਸੀ, ਗੁਰਬਚਨ ਸਿੰਘ ਸੁਲਤਾਨਵਿੰਡ, ਮਨੋਹਰ ਸਿੰਘ ਚੇਤਨਪੁਰਾ ਹੋਰ ਸੈਂਕੜੇ ਸੰਗਤਾਂ ਹਾਜ਼ਰ ਸਨ।


Related News