ਗੁਰਦਾਸਪੁਰ ਜ਼ਿਮਨੀ ਚੋਣ 2 ਲੱਖ ਦੀ ਲੀਡ ਨਾਲ ਜਿੱਤਾਂਗੇ : ਧਰਮਸੌਤ
Tuesday, Sep 19, 2017 - 11:07 AM (IST)
ਨਾਭਾ (ਪੁਰੀ, ਭੁਪਿੰਦਰ ਭੂਪਾ)-ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅੱਜ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਦਾਸਪੁਰ ਜ਼ਿਲੇ ਵਿਚ ਹੋਣ ਵਾਲੀ ਲੋਕ ਸਭਾ ਦੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦਾ ਉਮੀਦਵਾਰ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇਗਾ। ਉਨ੍ਹਾਂ ਕਿਹਾ ਕਿ ਇਸ ਸੀਟ 'ਤੇ ਉਮੀਦਵਾਰ ਦਾ ਫੈਸਲਾ ਕਾਂਗਰਸ ਹਾਈਕਮਾਂਡ ਨੇ ਕਰਨਾ ਹੈ, ਜੋ ਜਲਦ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਕੀਤੇ ਜਾ ਰਹੇ ਕਾਰਜਾਂ ਕਾਰਨ ਗੁਰਦਾਸਪੁਰ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਜਿੱਤੇਗੀ। ਇੱਕ ਸਵਾਲ ਦੇ ਜਵਾਬ ਵਿਚ ਸ. ਧਰਮਸੌਤ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਲੋਟੂ ਟੋਲੇ ਨੇ ਪੰਜਾਬ ਦੀ ਜਨਤਾ ਨੂੰ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਰੱਜ ਕੇ ਲੁੱਟਿਆ ਹੈ, ਜਿਸ ਦਾ ਹਿਸਾਬ ਜਨਤਾ ਨੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਲੈ ਲਿਆ ਹੈ। ਪੰਜਾਬ ਵਿੱਚੋਂ ਨਸ਼ੇ ਦਾ ਕਾਰੋਬਾਰ ਖਤਮ ਕਰਨ ਦੀ ਗੱਲ ਕਰਨ ਵਾਲੀ ਅਕਾਲੀ ਦਲ ਦੀ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਦੇ ਰਿਸ਼ਤੇਦਾਰ ਮਜੀਠੀਆ ਨੇ ਨਸ਼ੇ ਦੀਆਂ ਪੁੜੀਆਂ ਵੇਚ ਕੇ ਨੌਜਵਾਨੀ ਨੂੰ ਨਸ਼ੇ ਦੀ ਅਜਿਹੀ ਲਤ ਲਾਈ ਹੈ, ਜਿਸ ਨੇ ਪੰਜਾਬ ਦੇ ਕਈ ਘਰਾਂ ਦੇ ਦੀਵੇ ਬੁਝਾ ਦਿੱਤੇ ਹਨ।
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਨਾਭਾ ਰਮੇਸ਼ ਸਿੰਗਲਾ, ਪਰਮਜੀਤ ਸਿੰਘ ਖੱਟੜਾ, ਕੈਬਨਿਟ ਮੰਤਰੀ ਦੇ ਮੀਡੀਆ ਐਡਵਾਈਜ਼ਰ ਮੋਨੂੰ ਡੱਲਾ, ਕਾਂਗਰਸੀ ਆਗੂ ਦਰਸ਼ਨ ਅਰੋੜਾ, ਨੇਤਰਪੁਨੀਤ ਸਿੰਘ ਪ੍ਰਿੰਸ, ਇੱਛਿਆਮਾਨ ਸਿੰਘ ਭੋਜੋਮਾਜਰੀ, ਮੇਜਰ ਸਿੰਘ ਬਨੇਰਾ, ਐਡਵੋਕੇਟ ਵਜ਼ੀਰ ਸਿੰਘ, ਪੁਨੀਤ ਭਾਰਦਵਾਜ ਅਤੇ ਪੰਕਜ ਭਾਰਦਵਾਜ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।