ਗੁਰਦਾਸਪੁਰ 'ਚ ਗਰਜੇ ਸੰਨੀ ਦਿਓਲ (ਵੀਡੀਓ)
Monday, Apr 29, 2019 - 03:45 PM (IST)
ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਤੇ ਭਾਜਪਾ ਉਮੀਦਵਾਰ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਵਿਚ ਇਕ ਰੈਲੀ ਕੀਤੀ ਗਈ। ਇਸ ਦੌਰਾਨ ਮੰਚ 'ਤੇ ਖੜ੍ਹੇ ਹੋ ਕੇ ਸੰਨੀ ਦਿਓਲ ਨੇ ਸੰਬੋਧਨ ਕਰਦਿਆਂ ਫਿਲਮੀ ਅੰਦਾਜ਼ 'ਚ ਲੋਕਾਂ ਨੂੰ ਆਪਣੇ ਨਾਲ ਜੁੜਨ ਦੀ ਅਪੀਲ ਕੀਤੀ। ਆਪਣੇ ਕਰੀਬ ਸਾਢੇ ਤਿੰਨ ਮਿੰਟ ਦੇ ਸੰਖੇਪ ਭਾਸ਼ਣ 'ਚ ਸੰਨੀ ਦਿਓਲ ਨੇ ਕਿਹਾ ਕਿ ਉਹ ਰਾਜਨੀਤੀ ਬਾਰੇ ਤਾਂ ਨਹੀਂ ਜਾਣਦੇ ਪਰ ਉਹ ਗੁਰਦਾਸਪੁਰ ਵਾਸੀਆਂ ਨੂੰ ਆਪਣਾ ਬਣਾਉਣ ਲਈ ਆਏ ਹਨ ਤੇ ਉਨ੍ਹਾਂ ਦਾ ਮਕਸਦ ਉਸ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰਨਾ ਹੈ, ਜਿਸ ਲਈ ਹਜ਼ਾਰਾਂ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ ਸਨ।
ਸੰਨੀ ਦਿਓਲ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਗੁਰਦਾਸਪੁਰ ਵਾਸੀਆਂ ਦਾ ਹਾਲ-ਚਾਲ ਪੁੱਛਣ ਦੇ ਨਾਲ ਸ਼ੁੱਧ ਪੰਜਾਬੀ 'ਚ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ 'ਢਾਈ ਕਿੱਲੋ ਦੇ ਹੱਥ' ਵਾਲੇ ਡਾਇਲਾਗ ਨਾਲ ਸਾਰੇ ਸ੍ਰੋਤਿਆਂ 'ਚ ਉਤਸ਼ਾਹ ਭਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਗੁਰਦਾਸਪੁਰ ਵਾਸੀਆਂ ਦੇ ਸੱਦੇ 'ਤੇ ਹੀ ਇਥੇ ਆਏ ਹਨ ਤੇ ਪੰਜਾਬੀ ਉਨ੍ਹਾਂ ਨੂੰ ਜਿੰਨਾ ਪਿਆਰ ਕਰਦੇ ਹਨ, ਉਸ ਤੋਂ ਵੀ ਜ਼ਿਆਦਾ ਉਹ ਪੰਜਾਬੀਆਂ ਨੂੰ ਪਿਆਰ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਾਸੀਆਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਉਹ ਗੁਰਦਾਸਪੁਰ ਵਾਸੀਆਂ ਦੇ ਨਾਲ ਹਨ ਤੇ ਨਰਿੰਦਰ ਮੋਦੀ ਵੀ ਉਨ੍ਹਾਂ ਨਾਲ ਹਨ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਨੂੰ ਜੋ ਚਾਹੀਦਾ ਹੈ ਉਹੀ ਮਿਲੇਗਾ।