ਗੁਰਦਾਸਪੁਰ ਜ਼ਿਲ੍ਹੇ ''ਚ 125 ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ, 3 ਦੀ ਮੌਤ
Saturday, Sep 12, 2020 - 07:42 PM (IST)
ਗੁਰਦਾਸਪੁਰ, (ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਪਿਛਲੇ ਕਈ ਦਿਨਾਂ ਤੋਂ ਰੋਜ਼ਾਨਾਂ ਹੀ 125 ਤੋਂ ਜ਼ਿਆਦਾ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਕਾਰਣ ਮ੍ਰਿਤਕਾਂ ਅਤੇ ਪੀੜਤਾਂ ਦਾ ਗ੍ਰਾਂਫ ਉੱਚਾ ਹੁੰਦਾ ਜਾ ਰਿਹਾ ਹੈ। ਪਰ ਹਾਲਾਤ ਇਹ ਬਣੇ ਹੋਏ ਹਨ ਕਿ ਲੋਕ ਅਜੇ ਵੀ ਇਸ ਵਾਇਰਸ ਤੋਂ ਬਚਾਅ ਲਈ ਟੈਸਟ ਕਰਵਾਉਣ ਅਤੇ ਇਕਾਂਤਵਾਸ ਹੋਣ ਸਬੰਧੀ ਗੰਭੀਰ ਨਹੀਂ ਹੋ ਰਹੇ। ਅੱਜ ਜ਼ਿਲੇ ਅੰਦਰ 3 ਵਿਅਕਤੀਆਂ ਦੀ ਹੋਈ ਮੌਤ ਦੇ ਬਾਅਦ ਇਸ ਵਾਇਰਸ ਦੀ ਲਪੇਟ ਵਿਚ ਆ ਕੇ ਮਰਨ ਵਾਲਿਆਂ ਦੀ ਕੁਲ ਗਿਣਤੀ 85 ਤੱਕ ਪਹੁੰਚ ਗਈ ਹੈ ਜਦੋਂ ਕਿ 126 ਮਰੀਜ਼ ਸਾਹਮਣੇ ਆਉਣ ਦੇ ਬਾਅਦ ਹੁਣ ਜ਼ਿਲਾ ਗੁਰਦਾਸਪੁਰ ਅੰਦਰ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਲੋਕਾਂ ਦਾ ਕੁੱਲ ਅੰਕੜਾ 3914 ਹੋ ਗਿਆ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 2526 ਮਰੀਜ਼ਾਂ ਨੇ ਇਸ ਵਾਇਰਸ ’ਤੇ ਫਤਿਹ ਹਾਸਿਲ ਕਰ ਲਈ ਹੈ ਜਦੋਂ ਕਿ 1303 ਐਕਟਿਵ ਮਰੀਜ਼ ਹਨ। ਉਨ੍ਹਾਂ ਦੱਸਿਆ ਕਿ 1229 ਮਰੀਜ਼ ਅਜਿਹੇ ਹਨ, ਜਿਨ੍ਹਾਂ ’ਚ ਇਸ ਵਾਇਰਸ ਤੋਂ ਪੀੜਤ ਹੋਣ ਦੇ ਲੱਛਣ ਨਾ ਹੋਣ ਕਾਰਣ ਉਨ੍ਹਾਂ ਨੂੰ ਘਰਾਂ ਵਿਚ ਇਕਾਂਤਵਾਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਗੁਰਦਾਸਪੁਰ ’ਚ 6, ਬਟਾਲਾ ’ਚ 2, ਬਾਹਰਲੇ ਜ਼ਿਲਿਆਂ ’ਚ 63, ਜੇਲ ’ਚ 1 ਅਤੇ ਮਿਲਟਰੀ ਹਸਪਤਾਲ ’ਚ 1 ਮਰੀਜ਼ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ 91,697 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ’ਚੋਂ 87,92 ਮਰੀਜ਼ਾਂ ਦੇ ਸੈਂਪਲ ਨੈਗੇਟਿਵ ਪਾਏ ਗਏ ਹਨ ਅਤੇ 682 ਦੀਆਂ ਰਿਪੋਰਟਾਂ ਆਉਣੀਆਂ ਬਾਕੀ ਹਨ।
ਸਿਹਤ ਵਿਭਾਗ ਦੀ ਟੀਮ ਨੇ ਮੰਨਣ ’ਚ ਕੋਰੋਨਾ ਸੈਂਪਲ ਲਏ
ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਪਿੰਡ ਮੰਨਣ ’ਚ ਡਾ. ਸ਼ੁਭਅੰਮ੍ਰਿਤ ਨੇ ਦੱਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਨੇ ਪਿੰਡ ’ਚ 69 ਲੋਕਾਂ ਦੇ ਕੋਰੋਨਾ ਸੈਂਪਲ ਲਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਇਸ ਭਿਆਨਕ ਮਹਾਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਡਾ. ਸਪਨਾ, ਡਾ. ਅਨੁਰਾਗ, ਹੈਲਥ ਇੰਸਪੈਕਟਰ ਪ੍ਰਤਾਪ ਸਿੰਘ, ਵਰਿੰਦਰਜੀਤ ਸਿੰਘ, ਹਰਪਾਲ ਸਿੰਘ, ਗੋਪਿੰਦਰ ਸਿੰਘ, ਏ. ਐੱਨ. ਐੱਮ. ਸਤਵੰਤ ਕੌਰ, ਰਾਜਾ ਮੰਨਣ, ਬਲਜਿੰਦਰ ਸਿੰਘ, ਬੀ. ਐੱਲ. ਓ. ਗੋਲਡੀ ਮੰਨਣ, ਅਵਤਾਰ ਸਿੰਘ ਜੇ. ਈ. ਆਦਿ ਮੌਜੂਦ ਸਨ।