ਵਿਦਿਆਰਥੀਆਂ ਨੂੰ ਟੈਕਨੀਕਲ ਕੋਰਸਾਂ ਬਾਰੇ ਦਿੱਤੀ ਜਾਣਕਾਰੀ

Thursday, Feb 21, 2019 - 03:49 AM (IST)

ਵਿਦਿਆਰਥੀਆਂ ਨੂੰ ਟੈਕਨੀਕਲ ਕੋਰਸਾਂ ਬਾਰੇ ਦਿੱਤੀ ਜਾਣਕਾਰੀ
ਗੁਰਦਾਸਪੁਰ (ਬੇਰੀ, ਭਗਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜਾਜਾਨ ਦੇ ਕਰੀਅਰ ਅਤੇ ਗਾਈਡੈਂਸ ਸੈੱਲ ਵੱਲੋਂ ਪ੍ਰਿੰਸੀਪਲ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਅਧੀਨ ਡਿਪਲੋਮਾ ਕੋਰਸਾਂ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਤੋਂ ਪਲੇਸਮੈਂਟ ਇੰਚਾਰਜ ਜਸਬੀਰ ਸਿੰਘ, ਲੈਕਚਰਾਰ ਕੈਮੀਕਲ ਰੇਖਾ ਅਤੇ ਜਸਪ੍ਰੀਤ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨ੍ਹਾਂ ਦਾ ਆਉਣ ਵਾਲਾ ਭਵਿੱਖ ਅੱਜ ਦੀ ਉਨ੍ਹਾਂ ਦੀ ਕੀਤੀ ਗਈ ਚੋਣ ’ਤੇ ਨਿਰਭਰ ਕਰਦਾ ਹੈ ਅਤੇ ਇਸ ਲਈ 10ਵੀਂ ਜਾਂ 12ਵੀਂ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਖੇਤਰ ਦੀ ਚੋਣ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵੱਖ-ਵੱਖ ਖੇਤਰਾਂ ’ਚ ਹੁਨਰਮੰਦ ਨੌਜਵਾਨਾਂ ਦੀ ਬਹੁਤ ਲੋਡ਼ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਹੁਨਰਮੰਦ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ’ਚ ਜਿਥੇ ਆਪਣੇ ਲਈ ਰੋਜ਼ਗਾਰ ਪ੍ਰਾਪਤ ਸਕਣ, ਉਥੇ ਨਾਲ ਹੀ ਹੋਰਨਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰ ਸਕਣ। ਵਿਦਿਆਰਥੀਆਂ ਨੂੰ ਮੁੱਖ ਮੰਤਰੀ ਵਜ਼ੀਫਾ ਸਕੀਮ ਬਾਰੇ ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਤੋਂ ਲਾਗੂ ਇਸ ਸਕੀਮ ਤਹਿਤ ਹੋਣਹਾਰ ਵਿਦਿਆਰਥੀਆਂ ਲਈ ਸਰਕਾਰੀ ਪੋਲੀਟੈਕਨਿਕ ਦੀਆਂ ਫੀਸਾਂ ’ਚ ਭਾਰੀ ਕਟੌਤੀ ਕੀਤੀ ਗਈ ਹੈ। ਇਸ ਸਕੀਮ ਅਧੀਨ ਦਸਵੀਂ ਸ਼੍ਰੇਣੀ ’ਚ 60 ਫੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਵਿਦਿਆਰਥੀ ਨੂੰ ਕੋਰਸ ਦੌਰਾਨ 70 ਫੀਸਦੀ ਟਿਊਸ਼ਨ ਫੀਸ ਮੁਆਫ ਹੋਵੇਗੀ। ਇਸੇ ਤਰ੍ਹਾਂ 70 ਫੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਨੂੰ 80 ਫੀਸਦੀ, 80 ਫੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਨੂੰ 90 ਫੀਸਦੀ ਅਤੇ 90 ਫੀਸਦੀ ਤੋਂ ਜ਼ਿਆਦਾ ਨੰਬਰ ਲੈਣ ਵਾਲੇ ਨੂੰ ਪੂਰੀ ਟਿਊਸ਼ਨ ਫੀਸ ਦੀ ਮੁਆਫੀ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਕਿਸੇ ਵੀ ਕੈਟਾਗਰੀ ਦਾ ਵਿਦਿਆਰਥੀ ਲੈ ਸਕਦਾ ਹੈ। ਇਸ ਸਕੀਮ ਤੋਂ ਇਲਾਵਾ ਇਹ ਵੀ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 2.5 ਲੱਖ ਤੋਂ ਘੱਟ ਹੈ, ਪਾਸੋਂ ਕੋਰਸ ਦੌਰਾਨ ਕੋਈ ਫੀਸ ਨਹੀਂ ਲਈ ਜਾਂਦੀ। ਪ੍ਰਿੰਸੀਪਲ ਮਨੋਜ ਕੁਮਾਰ ਨੇ ਆਏ ਹੋਏ ਮਾਹਿਰਾਂ ਦਾ ਅਤੇ ਵਿਸ਼ੇਸ਼ ਤੌਰ ’ਤੇ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਅਜੇ ਕੁਮਾਰ ਅਰੋਡ਼ਾ ਦਾ ਧੰਨਵਾਦ ਕੀਤਾ। ਇਸ ਮੌਕੇ ਲੈਕ. ਗੁਰਚਰਨ ਸਿੰਘ, ਸੁਰਜੀਤ ਸਿੰਘ, ਰਣਜੋਧ ਸਿੰਘ, ਪਰਮਜੀਤ ਕੌਰ, ਸੀਮਾ ਸ਼ਰਮਾ, ਜਗਜੀਤ ਸਿੰਘ, ਗੁਰਦੀਪ ਸਿੰਘ, ਵਿਕਰਮਜੀਤ ਗੁਪਤਾ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Related News