ਸੰਨੀ ਦਿਓਲ ਵੀ ਵਿਨੋਦ ਖੰਨਾ ਦੀ ਰਾਹ ''ਤੇ, ਗੁਰਦਾਸਪੁਰ ਲਈ ਮਨਜ਼ੂਰ ਕਰਵਾਏ ਦੋ ਪੁੱਲ

06/21/2019 12:54:32 PM

ਗੁਰਦਾਸਪੁਰ (ਵਿਨੋਦ) : ਜ਼ਿਲਾ ਗੁਰਦਾਸਪੁਰ ਦੇ ਰਾਵੀ ਦਰਿਆ ਤੇ ਮਕੌੜਾ ਪੱਤਣ ਤੇ ਲਗਭਗ 62.79 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਥਾਈ ਪੁੱਲ ਅਤੇ ਕੀੜੀ ਕਲਾਂ ਤੋਂ ਨਰੋਟ ਜੈਮਲ ਸਿੰਘ ਜਾਣ ਲਈ ਰਾਵੀ ਦਰਿਆ 'ਤੇ 69.88 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਥਾਈ ਪੁੱਲ ਦਾ ਨਿਰਮਾਣ ਸ਼ੁਰੂ ਕਰਵਾਉਣ ਦੇ ਲਈ ਗੁਰਦਾਸਪੁਰ ਦੇ ਭਾਜਪਾ ਸੰਸਦ ਸੰਨੀ ਦਿਉਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ। ਗਡਕਰੀ ਨੇ ਸੰਨੀ ਦਿਉਲ ਨੂੰ ਭਰੋਸਾ ਦਿੱਤਾ ਕਿ ਇਕ ਮਹੀਨੇ ਦੇ ਅੰਦਰ ਇਸ ਪੁੱਲ ਦਾ ਨਿਰਮਾਣ ਕੰਮ ਸ਼ੁਰੂ ਹੋ ਜਾਵੇਗਾ ਅਤੇ ਕੇਂਦਰ ਸਰਕਾਰ ਇਸ ਪੁੱਲ ਦੇ ਨਿਰਮਾਣ ਦੇ ਲਈ ਫੰਡ ਮੁਹੱਈਆ ਕਰਵਾਏਗੀ।

ਇਕੱਠੀ ਕੀਤੀ ਜਾਣਕਾਰੀ ਅਨੁਸਾਰ ਮਕੌੜਾ ਪੱਤਣ ਸਾਹਮਣੇ ਦਰਿਆ ਦੇ ਪਾਰ ਪੈਂਦੇ ਇਲਾਕੇ ਭਰਿਆਲ ਟਾਪੂ ਵਿਚ ਲਗਭਗ 2 ਦਰਜਨ ਪਿੰਡ ਹਨ ਅਤੇ ਇਸ ਇਲਾਕੇ ਵਿਚ ਜਾਣ ਲਈ ਕੁਝ ਮਹੀਨੇ ਤਾਂ ਪਲਟੂਨ ਪੁੱਲ ਬਣਾਇਆ ਜਾਂਦਾ ਹੈ, ਜਦਕਿ ਬਾਕੀ ਸਮੇਂ ਵਿਚ ਦਰਿਆ ਪਾਰ ਕਰਨ ਲਈ ਕਿਸ਼ਤੀ ਹੀ ਇਕ-ਮਾਤਰ ਸਹਾਰਾ ਹੈ। ਜਦ ਦਰਿਆ ਵਿਚ ਪਾਣੀ ਜ਼ਿਆਦਾ ਆ ਜਾਵੇ ਤਾਂ ਇਹ ਕਿਸ਼ਤੀ ਵੀ ਦਰਿਆ ਵਿਚ ਨਹੀਂ ਪਾਈ ਜਾਂਦੀ। ਹੜ੍ਹ ਦੇ ਦਿਨਾਂ ਵਿਚ ਇਹ ਪੂਰਾ ਭਰਿਆਲ ਇਲਾਕਾ ਦੇਸ਼ ਤੋਂ ਸੜਕ ਸੰਪਰਕ ਖਤਮ ਹੋ ਜਾਂਦਾ ਹੈ।

ਇਸ ਸਬੰਧੀ ਸੰਨੀ ਦਿਓਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਸਮੇਂ ਅਤੇ ਬੀਤੇ ਦਿਨੀਂ ਜਦ ਗੁਰਦਾਸਪੁਰ ਆਇਆ ਸੀ ਤਾਂ ਲੋਕਾਂ ਇਨ੍ਹਾਂ ਦੋਵਾਂ ਪੁੱਲਾਂ ਦੇ ਨਿਰਮਾਣ ਦੀ ਮੰਗ ਨੂੰ ਜ਼ੋਰ ਨਾਲ ਚੁੱਕਿਆ ਸੀ। ਮੈਂ ਇਨ੍ਹਾਂ ਦੋਵਾਂ ਪੁੱਲਾਂ ਸਬੰਧੀ ਰਿਕਾਰਡ ਚੈੱਕ ਕੀਤਾ ਹੈ ਅਤੇ ਪਤਾ ਲੱਗਾ ਹੈ ਕਿ ਇਨ੍ਹਾਂ ਪੁੱਲਾਂ ਨੂੰ ਬਣਾਉਣ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ, ਪਰ ਪੰਜਾਬ ਸਰਕਾਰ ਨੇ ਇਨ੍ਹਾਂ ਪੁੱਲਾਂ ਨੂੰ ਸ਼ੁਰੂ ਕਰਵਾਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ।


Baljeet Kaur

Content Editor

Related News