ਗੁਰਦਾਸਪੁਰ ਸਣੇ ਇਨ੍ਹਾਂ ਸੂਬਿਆਂ ''ਚ 3 ਦਿਨ ਚੱਲੇਗਾ ਵਿਸ਼ੇਸ਼ ਸਰਚ ਆਪ੍ਰੇਸ਼ਨ

10/12/2019 12:55:59 AM

ਗੁਰਦਾਸਪੁਰ/ਬਟਾਲਾ,(ਵਿਨੋਦ, ਹਰਮਨਪ੍ਰੀਤ, ਬੇਰੀ) : ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਦੇ ਬਾਅਦ ਮਿਲੀ ਜਾਣਕਾਰੀ ਸਮੇਤ ਡਰੋਨ ਤੋਂ ਸੁੱਟੇ ਹਥਿਆਰਾਂ ਤੇ ਹੈਰੋਇਨ ਸਬੰਧੀ ਪੰਜਾਬ ਸਰਕਾਰ ਬਹੁਤ ਹੀ ਸਾਵਧਾਨ ਹੋ ਗਈ ਹੈ ਤੇ ਜ਼ਿਲਾ ਪੁਲਸ ਗੁਰਦਾਸਪੁਰ, ਬਟਾਲਾ ਤੇ ਪਠਾਨਕੋਟ 'ਚ ਤਿੰਨ ਦਿਨ ਲਗਾਤਾਰ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ 'ਚ ਇਨ੍ਹਾਂ ਤਿੰਨ ਜ਼ਿਲਿਆਂ ਦੀ ਪੁਲਸ ਸਮੇਤ 2517 ਪੁਲਸ ਕਰਮਚਾਰੀ ਫਿਲੌਰ, ਬਹਾਦੁਰਗੜ੍ਹ ਤੇ ਜਲੰਧਰ ਤੋਂ ਵਿਸ਼ੇਸ਼ ਤੌਰ 'ਤੇ ਭੇਜੇ ਗਏ ਹਨ। ਵਧੀਕ ਡਾਇਰੈਕਟਰ ਜਨਰਲ ਪੁਲਸ ਲਾਅ ਐੱਡ ਆਰਡਰ ਪੰਜਾਬ ਵੱਲੋਂ ਜਾਰੀ ਪੱਤਰ ਅਨੁਸਾਰ ਇਨ੍ਹਾਂ ਵਾਧੂ ਕਰਮਚਾਰੀਆਂ ਨੂੰ ਤੁਰੰਤ ਸਬੰਧਿਤ ਅਲਾਟ ਕੀਤੇ ਪੁਲਸ ਜ਼ਿਲਿਆਂ 'ਚ 11 ਅਕਤੂਬਰ ਨੂੰ ਸਵੇਰੇ 11 ਵਜੇ ਤੱਕ ਰਿਪੋਰਟ ਕਰਨ ਦੇ ਨਾਲ-ਨਾਲ ਤਿੰਨ ਦਿਨ ਲਈ ਆਪਣੀ ਵਰਦੀ, ਬਿਸਤਰਾ ਤੇ ਆਪਣੇ ਅਲਾਟ ਹਥਿਆਰ ਵੀ ਨਾਲ ਲਿਜਾਣ ਨੂੰ ਕਿਹਾ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਜਾਰੀ ਆਦੇਸ਼ ਅਨੁਸਾਰ ਜ਼ਿਲਾ ਪੁਲਸ ਗੁਰਦਾਸਪੁਰ ਲਈ 971 ਪੁਲਸ ਕਰਮਚਾਰੀ, ਜ਼ਿਲਾ ਪੁਲਸ ਬਟਾਲਾ ਲਈ 635 ਤੇ ਜ਼ਿਲਾ ਪੁਲਸ ਪਠਾਨਕੋਟ ਦੇ 911 ਪੁਲਸ ਕਰਮਚਾਰੀ ਭੇਜੇ ਗਏ ਹਨ। ਜਦਕਿ ਪਹਿਲਾਂ ਹੀ ਇਨ੍ਹਾਂ ਪੁਲਸ ਜ਼ਿਲਿਆਂ ਲਈ ਐੱਸ. ਐੱਸ. ਜੀ ਦੀਆਂ 3 ਟੀਮਾਂ, ਐੱਸ. ਓ. ਜੀ ਦੀਆਂ 2 ਟੀਮਾਂ, ਸਵੈਤ ਦੀ 1 ਅਤੇ 1 ਘਾਤਕ ਟੀਮ ਪਹੁੰਚ ਚੁੱਕੀ ਹੈ। ਇਹ ਸਾਰੀਆਂ ਟੀਮਾਂ ਇਸ ਵਿਸ਼ੇਸ਼ ਆਪ੍ਰੇਸ਼ਨ 'ਚ ਹੋਰ ਕਰਮਚਾਰੀਆਂ ਦਾ ਸਾਥ ਦੇਵੇਗੀ।


Related News