ਪ੍ਰਤਾਪ ਬਾਜਵਾ ਜ਼ਰੂਰ ਲੜਨਗੇ ਲੋਕ ਸਭਾ ਚੋਣ, ਪਰ ਹਲਕੇ ਸਬੰਧੀ ਅਜੇ ਵੀ ਬਣਿਆ ਹੈ ਭੰਬਲਭੂਸਾ

03/15/2019 9:04:23 AM

ਗੁਰਦਾਸਪੁਰ (ਹਰਮਨਪ੍ਰੀਤ) : ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਸਭਾ ਹਲਕਾ ਗੁਰਦਾਸਪੁਰ 'ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿਥੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਵਿਚਕਾਰ ਟਿਕਟ ਪ੍ਰਾਪਤ ਕਰਨ ਦੀ ਜ਼ੋਰ ਅਜਮਾਇਸ਼ ਦੇ ਚਰਚੇ ਸੁਣਨ ਨੂੰ ਮਿਲ ਰਹੇ ਹਨ। ਇਸ ਮਾਮਲੇ ਵਿਚ ਦਿਲਚਸਪ ਗੱਲ ਇਹ ਉਭਰ ਕੇ ਸਾਹਮਣੇ ਆ ਰਹੀ ਹੈ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤੌਰ 'ਤੇ ਕੁਝ ਦਿਨ ਪਹਿਲਾਂ ਹੀ ਇਸ ਹਲਕੇ ਅੰਦਰ ਪਾਰਟੀ ਦੇ ਮੌਜੂਦਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੂੰ ਹੀ ਦੁਬਾਰਾ ਚੋਣ ਲੜਾਉਣ ਦਾ ਸਪੱਸ਼ਟ ਸੰਕੇਤ ਦੇ ਦਿੱਤਾ ਸੀ। ਪਰ ਦੂਜੇ ਪਾਸੇ ਹੁਣ ਜਦੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਚੋਣ ਲੜਨ ਦੀਆਂ ਚਰਚਾਵਾਂ ਅਤੇ ਅੰਮ੍ਰਿਤਸਰ ਤੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਚੋਣ ਨਾ ਲੜਨ ਸਬੰਧੀ ਸਥਿਤੀ ਸਪੱਸ਼ਟ ਹੋ ਗਈ ਹੈ ਤਾਂ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਸਥਿਤੀ ਦਾ ਅਸਰ ਗੁਰਦਾਸਪੁਰ ਹਲਕੇ ਅੰਦਰ ਕਾਂਗਰਸੀ ਉਮੀਦਵਾਰ ਦੀ ਚੋਣ 'ਤੇ ਵੀ ਪੈ ਸਕਦਾ ਹੈ। ਖਾਸ ਤੌਰ 'ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਅਤੇ ਆਪਣੇ ਜੱਦੀ ਜ਼ਿਲੇ ਦੀ ਸਿਆਸਤ ਵਿਚ ਆਪਣੀ ਪੈਂਠ ਬਚਾਈ ਰੱਖਣ ਲਈ ਇਸ ਹਲਕੇ ਦੀ ਸੀਟ ਤੋਂ ਜਤਾਈ ਜਾ ਰਹੀ ਮਜ਼ਬੂਤ ਦਾਅਵੇਦਾਰੀ ਕਾਰਨ ਸਿਆਸੀ ਮਾਹਿਰ ਇਹ ਮੰਨ ਕੇ ਚਲ ਰਹੇ ਹਨ ਕਿ ਪ੍ਰਤਾਪ ਸਿੰਘ ਬਾਜਵਾ ਇਸ ਵਾਰ ਕਿਸੇ ਨਾ ਕਿਸੇ ਹਲਕੇ ਤੋਂ ਚੋਣ ਜ਼ਰੂਰ ਲੜਨਗੇ, ਪਰ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਪਾਰਟੀ ਉਨ੍ਹਾਂ ਸਬੰਧੀ ਕੀ ਫੈਸਲਾ ਲੈਂਦੀ ਹੈ ਅਤੇ ਉਨ੍ਹਾਂ ਨੂੰ ਕਿਹੜੇ ਹਲਕੇ 'ਚ ਚੋਣ ਲੜਾਈ ਜਾਂਦੀ ਹੈ?

ਪ੍ਰਤਾਪ ਸਿੰਘ ਬਾਜਵਾ ਦੀ ਗੁਰਦਾਸਪੁਰ 'ਚ ਵਾਪਸੀ ਦੀ ਕੋਸ਼ਿਸ਼
ਪ੍ਰਤਾਪ ਸਿੰਘ ਬਾਜਵਾ ਅਜੇ ਖੁਦ ਤਾਂ ਇਸ ਮਾਮਲੇ ਵਿਚ ਕੁਝ ਬੋਲਣ ਲਈ ਤਿਆਰ ਨਹੀਂ ਹਨ। ਪਰ ਉਨ੍ਹਾਂ ਦੇ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਬਾਜਵਾ ਤੇ ਪਿਤਾ ਅਤੇ ਪਤਨੀ ਤੋਂ ਇਲਾਵਾ ਭਰਾ ਅਤੇ ਬਾਜਵਾ ਖੁਦ ਕਰੀਬ 10 ਵਾਰ ਇਸ ਜ਼ਿਲੇ ਅੰਦਰ ਵੱਖ-ਵੱਖ ਹਲਕਿਆਂ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਇਸ ਜ਼ਿਲੇ ਦੇ ਜੰਮਪਲ ਹੋਣ ਕਾਰਨ ਉਨ੍ਹਾਂ ਦਾ ਵੱਖ-ਵੱਖ ਹਲਕਿਆਂ ਅੰਦਰ ਹੇਠਲੇ ਪੱਧਰ ਤੱਕ ਲੋਕਾਂ ਨਾਲ ਸਿੱਧਾ ਰਾਬਤਾ ਹੈ। 2014 ਦੀ ਲੋਕ ਸਭਾ ਚੋਣ ਹਾਰ ਜਾਣ ਦੇ ਬਾਅਦ 2017 ਦੀ ਜ਼ਿਮਨੀ ਚੋਣ ਦੌਰਾਨ ਬਦਲੀਆਂ ਸਿਆਸੀ ਸਥਿਤੀਆਂ ਕਾਰਨ ਉਸ ਮੌਕੇ ਤਾਂ ਬਾਜਵਾ ਨੇ ਇਸ ਹਲਕੇ ਤੋਂ ਆਪਣੇ ਲਈ ਲੋਕ ਸਭਾ ਟਿਕਟ ਮੰਗਣ ਦੀ ਬਜਾਏ ਆਪਣੀ ਪਤਨੀ ਤੇ ਸਾਬਕਾ ਵਿਧਾਇਕਾ ਚਰਨਜੀਤ ਕੌਰ ਬਾਜਵਾ ਲਈ ਟਿਕਟ ਮੰਗੀ ਸੀ। ਪਰ ਪਾਰਟੀ ਨੇ ਸੁਨੀਲ ਜਾਖੜ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਪਰ ਇਸ ਵਾਰ ਜਦੋਂ ਪ੍ਰਤਾਪ ਸਿੰਘ ਬਾਜਵਾ ਖੁਦ ਆਪਣੇ ਲਈ ਟਿਕਟ ਦੀ ਮੰਗ ਕਰ ਰਹੇ ਹਨ ਤਾਂ ਬਾਜਵਾ ਸਮਰਥਕ ਇਹ ਦਾਅਵਾ ਕਰ ਰਹੇ ਹਨ ਕਿ ਜਾਖੜ ਦੀ ਬਜਾਏ ਬਾਜਵਾ ਇਸ ਹਲਕੇ ਦੀ ਟਿਕਟ ਦੇ ਜ਼ਿਆਦਾ ਹੱਕਦਾਰ ਹਨ। ਇਥੋਂ ਤੱਕ ਕਿ ਬਾਜਵਾ ਸਮਰਥਕ ਤਾਂ ਕੈਪਟਨ ਦੇ ਐਲਾਨ ਨੂੰ ਵੀ ਇਹ ਕਹਿ ਕਿ ਅਹਿਮੀਅਤ ਨਹੀਂ ਦੇ ਰਹੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਲੰਧਰ ਕੈਂਟ ਅਤੇ ਬਠਿੰਡਾ ਦੀਆਂ ਦੋ ਟਿਕਟਾਂ ਸਬੰਧੀ ਕੈਪਟਨ ਨੇ ਪਹਿਲਾਂ ਐਲਾਨ ਕਰ ਦਿੱਤਾ ਸੀ। ਪਰ ਬਾਅਦ ਵਿਚ ਪਾਰਟੀ ਹਾਈਕਮਾਨ ਨੇ ਇਨ੍ਹਾਂ ਦੋਵਾਂ ਸੀਟਾਂ 'ਤੇ ਕ੍ਰਮਵਾਰ ਪ੍ਰਗਟ ਸਿੰਘ ਅਤੇ ਮਨਪ੍ਰੀਤ ਬਾਦਲ ਨੂੰ ਉਮੀਦਵਾਰ ਬਣਾ ਦਿੱਤਾ ਸੀ।

ਫਿਰੋਜ਼ਪੁਰ ਹਲਕੇ 'ਚ ਹਰਸਿਮਰਤ ਬਾਦਲ ਦੀ ਆਮਦ ਕਾਰਨ ਬਦਲ ਸਕਦੀ ਹੈ ਸਥਿਤੀ
ਜੇਕਰ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਬਣਾਇਆ ਜਾਂਦਾ ਹੈ ਤਾਂ ਕੁਝ ਕਾਂਗਰਸੀ ਆਗੂਆਂ ਦਾ ਇਹ ਮੰਨਣਾ ਹੈ ਕਿ ਬੀਬੀ ਬਾਦਲ ਨੂੰ ਸਖ਼ਤ ਟੱਕਰ ਦੇਣ ਲਈ ਕਿਸੇ ਵੱਡੇ ਚਿਹਰੇ ਦੀ ਲੋੜ ਹੈ, ਜਿਸ ਕਾਰਨ ਕੁਝ ਆਗੂ ਇਹ ਵੀ ਮੰਨ ਰਹੇ ਹਨ ਕਿ ਅਜਿਹੀ ਸਥਿਤੀ ਵਿਚ ਪਾਰਟੀ ਫਿਰੋਜ਼ਪੁਰ ਲਈ ਸੁਨੀਲ ਜਾਖੜ ਦਾ ਨਾਂਅ ਵੀ ਵਿਚਾਰ ਸਕਦੀ ਹੈ ਕਿਉਂਕਿ ਪਹਿਲਾਂ ਵੀ ਇਸ ਹਲਕੇ ਅੰਦਰ ਜਾਖੜ ਪਰਿਵਾਰ ਜਿੱਤ ਦਰਜ ਕਰ ਚੁੱਕਾ ਹੈ। ਜਾਖੜ ਖੁਦ ਵੀ ਇਸ ਮੌਕੇ ਪੰਜਾਬ ਕਾਂਗਰਸ ਦੇ ਇਕ ਪ੍ਰਸਿੱਧ ਤੇ ਹਰਮਨ ਪਿਆਰੇ ਆਗੂ ਮੰਨੇ ਜਾਂਦੇ ਹਨ। ਜਿਨ੍ਹਾਂ ਦੇ ਚੰਗੇ ਅਕਸ ਦਾ ਲਾਭ ਲੈਣ ਲਈ ਪਾਰਟੀ ਹਰ ਸੰਭਵ ਦਾਅ ਖੇਡ ਸਕਦੀ ਹੈ। ਏਨਾ ਹੀ ਨਹੀਂ ਇਸ ਮਾਮਲੇ 'ਚ ਇਕ ਤੀਰ ਨਾਲ ਦੋ ਨਿਸ਼ਾਨੇ ਕਰਨ ਵਾਲੀ ਸਥਿਤੀ ਵੀ ਬਣ ਸਕਦੀ ਹੈ ਕਿਉਂਕਿ ਇਸ ਮੌਕੇ ਫਿਰੋਜ਼ਪੁਰ ਤੋਂ ਐੱਮ. ਪੀ. ਸ਼ੇਰ ਸਿੰਘ ਘੁਬਾਇਆ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਹਨ। ਪਰ ਘੁਬਾਇਆ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਣ ਕਾਰਨ ਕੁਝ ਆਗੂ ਇਹ ਵੀ ਮੰਗ ਕਰ ਰਹੇ ਹਨ ਕਿ ਘੁਬਾਇਆ ਨੂੰ ਅਨੁਸੂਚਿਤ ਜਾਤੀ ਲਈ ਰਾਖਵੇਂ ਹਲਕੇ ਫਰੀਦਕੋਟ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇ ਤਾਂ ਜੋ ਘੁਬਾਇਆ ਨੂੰ ਵੀ ਚੰਗੀ ਤਰ੍ਹਾਂ ਅਡਜਸਟ ਕੀਤਾ ਜਾ ਸਕੇ।


Baljeet Kaur

Content Editor

Related News