ਕੁੜੀ ਨੂੰ ਘਰੋਂ ਭੱਜ ਕੇ ਵਿਆਹ ਕਰਵਾਉਣ ਪਿਆ ਮਹਿੰਗਾ, ਭਰਾ ਨੇ ਦਿੱਤੀ ਦਰਦਨਾਕ ਮੌਤ
Saturday, Feb 29, 2020 - 10:45 AM (IST)
ਗੁਰਦਾਸਪੁਰ/ਪਾਕਿਸਤਾਨ (ਜ.ਬ.) : ਇਕ ਨੌਜਵਾਨ ਨੇ ਆਪਣੀ ਭੈਣ ਅਤੇ ਨਵਜੰਮੇ ਭਾਣਜੇ ਦੀ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਉਸ ਦੀ ਭੈਣ ਨੇ ਘਰੋਂ ਭੱਜ ਕੇ ਅਦਾਲਤ 'ਚ ਵਿਆਹ ਕਰਵਾਇਆ ਸੀ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਜ਼ਿਲਾ ਮੁਜ਼ਫਰਾਬਾਦ ਅਧੀਨ ਤਹਿਸੀਲ ਅਲੀਪੁਰ ਦੇ ਕਸਬਾ ਕੋਟ ਅਦੁ ਨਿਵਾਸੀ ਫਾਤਿਮਾ ਅਤੇ ਉਸ ਦੇ ਨਵਜੰਮੇ ਬੇਟੇ ਦੀ ਲਾਸ਼ ਪਿੰਡ ਬਕੀਰ ਦੇ ਨੇੜੇ ਇਕ ਸੁੰਨਸਾਨ ਜਗ੍ਹਾ ਤੋਂ ਮਿਲੀ। ਫਾਤਿਮਾ ਘਰ ਤੋਂ ਬੱਚੇ ਸਮੇਤ ਵੀਰਵਾਰ ਤੋਂ ਲਾਪਤਾ ਸੀ।
ਮ੍ਰਿਤਕਾ ਦੇ ਭਰਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਆਪਣੀ ਭੈਣ ਦੇ ਲਾਪਤਾ ਹੋਣ ਸਬੰਧੀ ਉਸ ਦੇ ਪਤੀ ਸੋਹਬਤ ਅਲੀ ਨੂੰ ਦੋਸ਼ੀ ਠਹਿਰਾ ਕੇ ਉਸ 'ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਪਰ ਜਦ ਫਾਤਿਮਾ ਅਤੇ ਬੱਚੇ ਦੀ ਲਾਸ਼ ਮਿਲੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ। ਜਾਂਚ ਸਮੇਂ ਫਾਤਿਮਾ ਦਾ ਭਰਾ ਅਕਰਮ ਕੁਝ ਜ਼ਿਆਦਾ ਹੀ ਜੋਸ਼ ਦਿਖਾ ਰਿਹਾ ਸੀ ਅਤੇ ਵਾਰ-ਵਾਰ ਫਾਤਿਮਾ ਦੇ ਪਤੀ 'ਤੇ ਹੱਤਿਆ ਕਰਨ ਦਾ ਦੋਸ਼ ਲਾ ਰਿਹਾ ਸੀ, ਜਿਸ ਕਾਰਣ ਸ਼ੱਕ ਦੇ ਆਧਾਰ 'ਤੇ ਜਦ ਪੁਲਸ ਨੇ ਅਕਰਮ ਤੋਂ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਕਿਹਾ ਕਿ ਉਸ ਦੀ ਭੈਣ ਵੱਲੋਂ ਘਰੋਂ ਭੱਜ ਕੇ ਲਗਭਗ 18 ਮਹੀਨੇ ਪਹਿਲਾਂ ਅਦਾਲਤ 'ਚ ਸੋਹਬਤ ਅਲੀ ਨਾਲ ਵਿਆਹ ਕਰਨ ਨਾਲ ਉਸ ਦੀ ਬਦਨਾਮੀ ਹੋਈ ਸੀ, ਜਿਸ ਕਾਰਣ ਉਸ ਨੇ ਆਪਣੀ ਭੈਣ ਫਾਤਿਮਾ ਅਤੇ ਉਸ ਦੇ ਬੱਚੇ ਦੀ ਹੱਤਿਆ ਕੀਤੀ ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ।