ਪਾਕਿਸਤਾਨ ਵਰਗੀ ਅਰਾਜਕਤਾ ਨਾਲ ਜੂਝ ਰਹੇ ਪੰਜਾਬ ਨੂੰ ਬਚਾਉਣ ਲਈ ਤੀਸਰਾ ਬਦਲ ਜ਼ਰੂਰੀ : ਖਹਿਰਾ

Sunday, Aug 26, 2018 - 09:57 AM (IST)

ਪਾਕਿਸਤਾਨ ਵਰਗੀ ਅਰਾਜਕਤਾ ਨਾਲ ਜੂਝ ਰਹੇ ਪੰਜਾਬ ਨੂੰ ਬਚਾਉਣ ਲਈ ਤੀਸਰਾ ਬਦਲ ਜ਼ਰੂਰੀ : ਖਹਿਰਾ

ਗੁਰਦਾਸਪੁਰ (ਜਗ ਬਾਣੀ ਟੀਮ) : ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਧੜੇ ਵੱਲੋਂ ਅੱਜ ਗੁਰਦਾਸਪੁਰ ਅੰਦਰ ਇਕ ਪ੍ਰਭਾਵਸ਼ਾਲੀ ਕਾਨਫਰੰਸ ਕਰਵਾਈ ਗਈ। ਇਸ ਦੌਰਾਨ ਖਹਿਰਾ ਦੇ ਨਾਲ ਉਨ੍ਹਾਂ ਦੇ ਸਾਥੀ ਵਿਧਾਇਕਾਂ ਤੋਂ ਇਲਾਵਾ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਲੰਟੀਅਰਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਨ੍ਹਾਂ 'ਚ ਮੁੱਖ ਤੌਰ 'ਤੇ ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਦੇਵ ਸਿੰਘ ਕਮਾਲੂ, ਨਾਜਰ ਸਿੰਘ ਮਾਨਸ਼ਾਹੀਆ, ਬਲਦੇਵ ਸਿੰਘ ਤੋਂ ਇਲਾਵਾ ਜ਼ਿਲਾ ਗੁਰਦਾਸਪੁਰ ਨਾਲ ਸਬੰਧਤ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਅਮਰਜੀਤ ਸਿੰਘ ਚਾਹਲ ਸਮੇਤ ਵੱਖ-ਵੱਖ ਆਗੂ ਸ਼ਾਮਲ ਸਨ।

ਸੰਬੋਧਨ ਕਰਦਿਆਂ ਖਹਿਰਾ ਜਿਥੇ ਅਕਾਲੀ ਦਲ ਅਤੇ ਕਾਂਗਰਸ 'ਤੇ ਵਰ੍ਹੇ, ਉਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਖਿਲਾਫ਼ ਪੰਜਾਬੀਆਂ ਨਾਲ ਧੋਖਾਦੇਹੀ, ਭ੍ਰਿਸ਼ਟਾਚਾਰ ਅਤੇ ਸ਼ੋਸ਼ਣ ਵਰਗੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਦਿੱਲੀ 'ਚ ਬੈਠੇ ਆਗੂਆਂ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਇਨ੍ਹਾਂ ਆਗੂਆਂ ਦੀ ਬਦੌਲਤ ਹੀ ਪੰਜਾਬ 'ਚ ਤੀਸਰਾ ਬਦਲ ਨਹੀਂ ਆ ਸਕਿਆ। ਉਨ੍ਹਾਂ ਆਮ ਆਦਮੀ ਪਾਰਟੀ 'ਚੋਂ ਕੱਢੇ ਗਏ ਲੋਕ ਸਭਾ ਮੈਂਬਰਾਂ ਅਤੇ ਹੋਰ ਕਈ ਸੀਨੀਅਰ ਆਗੂਆਂ ਤੋਂ ਇਲਾਵਾ ਜਥੇ. ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਸਮੇਤ ਕਈ ਆਗੂਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਦੇ ਸਿਰ 'ਤੇ ਦਿੱਲੀ ਦੀ ਫੌਜ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਅਹੁਦੇ ਦੀ ਲੜਾਈ ਨਹੀਂ ਲੜ ਰਹੇ ਸਗੋਂ ਇਸ ਮੌਕੇ ਉਹ ਅਤੇ ਉਨ੍ਹਾਂ ਦੇ ਸਾਥੀ ਪੰਜਾਬ ਦੇ ਮਾਣ ਅਤੇ ਪੰਜਾਬੀਆਂ ਦੇ ਜਜ਼ਬਾਤਾਂ ਦੀ ਲੜਾਈ ਲੜ ਰਹੇ ਹਨ।

PunjabKesari

ਉਨ੍ਹਾਂ ਕਿਹਾ ਕਿ ਬਠਿੰਡੇ 'ਚ ਪੰਜਾਬੀਆਂ ਦੇ ਵਿਸ਼ਾਲ ਇਕੱਠ ਨੇ ਉਨ੍ਹਾਂ ਨੂੰ ਵੱਡਾ ਫਤਵਾ ਦਿੱਤਾ ਹੈ ਅਤੇ ਉਸ ਵਿਸ਼ਾਲ ਕਾਨਫਰੰਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਮੁੜ ਸੁਰਜੀਤ ਹੋਣ ਦੀ ਆਸ ਦਿਖਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਮੇਤ ਸਮੁੱਚਾ ਦੇਸ਼ ਪਾਕਿਸਤਾਨ ਵਾਂਗ ਭ੍ਰਿਸ਼ਟਾਚਾਰ, ਅਰਾਜਕਤਾ, ਨਸ਼ਾ ਖੋਰੀ, ਧੱਕੇਸ਼ਾਹੀ, ਬੇਰੋਜ਼ਗਾਰੀ ਸਮੇਤ ਕਈ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਜੇਕਰ ਪੰਜਾਬ ਦੇ ਲੋਕਾਂ ਨੇ ਤੀਸਰੇ ਬਦਲ ਦੀ ਸਰਕਾਰ ਬਣਾਈ ਤਾਂ ਉਹ ਨਾ ਸਿਰਫ਼ ਪੰਜਾਬ ਨੂੰ ਤਬਾਹ ਕਰਨ ਵਾਲੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਕਟਹਿਰੇ 'ਚ ਖੜ੍ਹਾ ਕਰਨਗੇ ਸਗੋਂ ਉਹ ਪੰਜਾਬ ਨੂੰ ਉਪਰੋਕਤ ਸਮੱਸਿਆਵਾਂ ਤੋਂ ਨਿਜਾਤ ਵੀ ਦਿਵਾਉਣਗੇ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਅਕਾਲੀ ਦਲ ਨਾਲ ਮਿਲੀ ਹੋਈ ਹੈ ਅਤੇ ਇਹੀ ਕਾਰਨ ਹੈ ਕਿ 30 ਜੂਨ ਨੂੰ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਰਿਪੋਰਟ ਮਿਲਣ ਦੇ ਬਾਵਜੂਦ ਅਜੇ ਤੱਕ ਸਰਕਾਰ ਨੇ ਅਸਲ ਦੋਸ਼ੀਆਂ ਖਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਨ੍ਹਾਂ ਵਿਰੋਧੀਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਸਬੰਧੀ ਸਪੱਸ਼ਟ ਕੀਤਾ ਕਿ ਇਹ ਰਿਪੋਰਟ ਲੀਕ ਕਰਵਾਉਣ 'ਚ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਪਰ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੇ ਮੁਦੱਈ ਹਨ। ਉਨ੍ਹਾਂ ਅਕਾਲੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹ ਰਿਪੋਰਟ ਲੀਕ ਕਰਵਾਉਣ 'ਚ ਉਨ੍ਹਾਂ ਦੀ ਸ਼ਮੂਲੀਅਤ ਦੇ ਸਬੂਤ ਦੇ ਦੇਣ ਤਾਂ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।

PunjabKesari

ਭਗਵੰਤ ਮਾਨ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਦਿੱਲੀ ਬੈਠੇ ਆਗੂਆਂ ਦੇ ਮੁਦੱਈ ਬਣਨ ਤੋਂ ਪਹਿਲਾਂ ਇਹ ਸਪੱਸ਼ਟ ਕਰਨ ਕਿ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਕੋਲੋਂ ਮੰਗੀ ਗਈ, ਜਿਸ ਮੁਆਫ਼ੀ ਨੂੰ ਲੈ ਕੇ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ, ਉਸ ਸਬੰਧੀ ਉਨ੍ਹਾਂ ਦਾ ਹੁਣ ਕੀ ਸਟੈਂਡ ਹੈ? ਇਸ ਤੋਂ ਪਹਿਲਾਂ ਉਪਰੋਕਤ ਵੱਖ—ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਪੰਜਾਬ 'ਚ ਤੀਸਰਾ ਬਦਲ ਲਿਆਉਣ ਦਾ ਐਲਾਨ ਕੀਤਾ ਜਦੋਂਕਿ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਆਗੂਆਂ ਅਤੇ ਵਾਲੰਟੀਅਰਾਂ ਨੇ ਪੂਰੇ ਜੋਸ਼ ਨਾਲ ਹੱਥ ਖੜ੍ਹੇ ਕਰ ਕੇ ਇਸ ਲਹਿਰ ਨੂੰ ਮਜ਼ਬੂਤ ਬਣਾਉਣ ਦਾ ਅਹਿਦ ਲਿਆ। ਇਸ ਮੌਕੇ ਡਾ. ਰਾਮ ਸ਼ਰਨ, ਅਰਜਨ ਸਿੰਘ ਗੋਤ, ਰਜਵੰਤ ਸਿੰਘ ਅਲੀਸ਼ੇਰ, ਰਾਜੇਸ਼ ਭੰਗਵਾਂ, ਬਲਵਿੰਦਰ ਸਿੰਘ ਭੁੱਲੇਚੱਕ, ਅਮਰੀਕ ਸਿੰਘ, ਯਾਦਵਿੰਦਰ ਸਿੰਘ, ਹਰਜਿੰਦਰ ਸਿੰਘ ਪੰਨੂੰ, ਮਨਪ੍ਰੀਤ ਸਿੰਘ ਰੋੜਾਂਵਾਲੀ, ਗੁਰਮੀਤ ਸਿੰਘ ਬੱਬੇਹਾਲੀ, ਪਰਮਿੰਦਰਜੀਤ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।


Related News