ਗੁਰਦਾਸਪੁਰ ਜ਼ਿਲੇ ’ਚ ਕਰਫ਼ਿਊ ਦੌਰਾਨ ਦਵਾਈਆਂ ਦੀ ਹੋਵੇਗੀ ਹੋਮ ਡਿਲੀਵਰੀ

Tuesday, Mar 24, 2020 - 01:03 PM (IST)

ਗੁਰਦਾਸਪੁਰ (ਹਰਮਨ) - ਕੋਰੋਨਾ ਵਾਇਰਸ ਕਾਰਨ ਗੁਰਦਾਸਪੁਰ ਜ਼ਿਲੇ ਅੰਦਰ ਲਗਾਏ ਗਏ ਮੁਕੰਮਲ ਕਰਫਿਊ ਦੌਰਾਨ ਲੋਕਾਂ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖਦੇ ਹੋਏ ਡੀ.ਸੀ. ਮੁਹੰਮਦ ਇਸ਼ਫਾਕ ਨੇ ਜ਼ਿਲੇ ਅੰਦਰ ਦਵਾਈਆਂ ਦੀ ਹੋਮ ਡਲਿਵਰੀ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਸਬੰਧ ਵਿਚ ਪੱਤਰਕਾਰਨ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲੇ ਅੰਦਰ ਸਾਰੇ ਮੈਡੀਕਲ ਸਟੋਰਾਂ ਨੂੰ ਇਕ-ਇਕ ਪਾਸ ਜਾਰੀ ਕੀਤਾ ਜਾਵੇਗਾ, ਜਿਸ ਦੇ ਆਧਾਰ 'ਤੇ ਮੈਡੀਕਲ ਸਟੋਰ ਦਾ ਇਕ ਨੁਮਾਇੰਦਾ ਲੋਕਾਂ ਦੀ ਜ਼ਰੂਰਤ ਅਤੇ ਮੰਗ ਅਨੁਸਾਰ ਉਨ੍ਹਾਂ ਦੇ ਘਰ ਦਵਾਈਆਂ ਦੀ ਹੋਮ ਡਿਲੀਵਰੀ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਪਾਸ ਜਾਰੀ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਿਲੇ ਅੰਦਰ ਜੇਕਰ ਕਿਸੇ ਵੀ ਵਿਅਕਤੀ ਨੂੰ ਕਿਸੇ ਦਵਾਈ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਕਿਸੇ ਮੈਡੀਕਲ ਸਟੋਰ ਵਾਲੇ ਨੂੰ ਫੋਨ ਕਰਕੇ ਦਵਾਈ ਮੰਗਵਾ ਸਕਦਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਦੁੱਧ ਦੀ ਹੋਮ ਡਿਲਿਵਰੀ ਲਈ ਵੀ ਕੁਝ ਹੋਰ ਛੋਟ ਦਿੱਤੇ ਜਾਣ ਦੀ ਗੱਲ ਰਹੀ, ਜਿਸ ਤਹਿਤ ਹੁਣ ਪਿੰਡਾਂ ਤੋਂ ਅਤੇ ਸ਼ਹਿਰਾਂ ਤੋਂ ਆਉਣ ਵਾਲੇ ਦੋਧੀ ਸਵੇਰੇ 5 ਵਜੇ ਤੋਂ 9 ਵਜੇ ਤੱਕ ਅਤੇ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਘਰਾਂ ਵਿੱਚ ਦੁੱਧ ਦੀ ਸਪਲਾਈ ਕਰ ਸਕਣਗੇ। ਇਸ ਦੇ ਨਾਲ ਹੀ ਵੇਰਕਾ ਅਤੇ ਅਮੁਲ ਦੀਆਂ ਅਧਿਕਾਰਤ ਗੱਡੀਆਂ ਵੀ ਆਪਣੇ ਸਬੰਧਤ ਇਲਾਕਿਆਂ ਅੰਦਰ ਦੁੱਧ  ਦੀ ਸਪਲਾਈ ਜਾਰੀ ਰੱਖਣਗੀਆਂ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਫੀਡ ਅਤੇ ਚਾਰੇ ਨਾਲ ਸਬੰਧਤ ਗੱਡੀਆਂ ਨੂੰ ਵੀ ਆਉਣ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਾਕੀ ਦੇ ਸਾਰੇ ਅਦਾਰੇ ਤੇ  ਦੁਕਾਨਾਂ ਬੰਦ ਰਹਿਣਗੀਆਂ ।


rajwinder kaur

Content Editor

Related News