ਕਵਿਤਾ ਖੰਨਾ ਦੀ ਦਾਅਵੇਦਾਰੀ ਨਾਲ ਕਈ ਭਾਜਪਾ ਆਗੂਆਂ ਨੇ ਬਦਲੀਆਂ ਸੁਰਾਂ

02/11/2019 12:22:13 PM

ਗੁਰਦਾਸਪੁਰ (ਹਰਮਨਪ੍ਰੀਤ) : ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਮਰਹੂਮ ਫਿਲਮੀ ਸਿਤਾਰੇ ਤੇ ਇਸ ਹਲਕੇ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਵਿਨੋਦ ਖੰਨਾ ਦੀ ਧਰਮਪਤਨੀ ਦੀਆਂ ਸ਼ੁਰੂ ਹੋਈਆਂ ਸਰਗਰਮੀਆਂ ਕਾਰਨ ਇਸ ਹਲਕੇ ਅੰਦਰ ਭਾਜਪਾ ਦੀਆਂ ਸਮੀਕਰਨਾਂ ਬਦਲਦੀਆਂ ਦਿਖਾਈ ਦੇ ਰਹੀਆਂ ਹਨ। ਖਾਸ ਤੌਰ 'ਤੇ ਕੁਝ ਦਿਨ ਪਹਿਲਾਂ ਕਵਿਤਾ ਖੰਨਾ ਵਲੋਂ ਅਸਿੱਧੇ ਰੂਪ 'ਚ ਸਪੱਸ਼ਟ ਤੌਰ 'ਤੇ ਇਸ ਹਲਕੇ ਦੀ ਟਿਕਟ 'ਤੇ ਆਪਣੀ ਦਾਅਵੇਦਾਰੀ ਜਤਾ ਦਿੱਤੇ ਜਾਣ ਦੇ ਬਾਅਦ ਹੁਣ ਕਈ ਭਾਜਪਾ ਆਗੂਆਂ ਨੇ ਕੋਈ ਪ੍ਰਤੀਕਰਮ ਕਰਨ ਦੀ ਬਜਾਏ ਚੁੱਪ ਧਾਰ ਲਈ ਹੈ ਤੇ ਕਈ ਆਗੂ ਇਹ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਹਾਈਕਮਾਨ ਜੋ ਫੈਸਲਾ ਕਰੇਗੀ, ਉਹ ਸਭ ਨੂੰ ਮਨਜ਼ੂਰ ਹੋਵੇਗਾ। ਪਰ ਦੂਜੇ ਪਾਸੇ ਅੰਦਰ ਚੋਣ ਲੜ ਚੁੱਕੇ ਸਵਰਨ ਸਲਾਰੀਆ ਖੁਦ ਤਾਂ ਕੋਈ ਵੀ ਪ੍ਰਤੀਕ੍ਰਮ ਨਹੀਂ ਦੇ ਰਹੇ, ਪਰ ਉਨ੍ਹਾਂ ਦੇ ਸਮਰਥਕ ਨਿਰਾਸ਼ਾ ਤੇ ਨਰਾਜ਼ਗੀ ਜ਼ਾਹਿਰ ਕਰਨ ਦੇ ਨਾਲ-ਨਾਲ ਇਹ ਵੀ ਕਹਿ ਰਹੇ ਹਨ ਕਿ ਅਜਿਹਾ ਨਹੀਂ ਹੋ ਸਕਦਾ ਕਿ ਭਾਜਪਾ ਹਾਈਕਮਾਨ ਸਵਰਨ ਸਲਾਰੀਆ ਵੱਲੋਂ ਇਸ ਹਲਕੇ ਅੰਦਰ ਕੀਤੀ ਗਈ ਸਖਤ ਮਿਹਨਤ ਨੂੰ ਨਜ਼ਰ ਅੰਦਾਜ਼ ਕਰ ਕੇ ਉਸ ਆਗੂ ਨੂੰ ਟਿਕਟ ਦੇਵੇਗੀ, ਜਿਸ ਨੂੰ ਸਿਰਫ ਚੋਣਾਂ ਦੌਰਾਨ ਹੀ ਹਲਕੇ ਦੀ ਯਾਦ ਆਉਂਦੀ ਹੈ। 

ਕਾਂਗਰਸ ਦੇ ਗੜ੍ਹ 'ਚੋਂ 4 ਵਾਰ ਜਿੱਤੇ ਸਨ ਵਿਨੋਦ ਖੰਨਾ
ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਇਸ ਲੋਕ ਸਭਾ ਹਲਕੇ ਅੰਦਰ ਕਰੀਬ 5 ਵਾਰ ਜਿੱਤ ਚੁੱਕੀ ਸੁਖਬੰਸ ਕੌਰ ਭਿੰਡਰ ਨੂੰ ਹਰਾਉਣ ਲਈ 1998 'ਚ ਅਕਾਲੀ-ਭਾਜਪਾ ਗਠਜੋੜ ਨੇ ਵਿਨੋਦ ਖੰਨਾ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ, ਜਿਨ੍ਹਾਂ ਨੇ ਲਗਾਤਾਰ ਤਿੰਨ ਵਾਰ ਭਿੰਡਰ ਨੂੰ ਹਰਾਉਣ ਦੇ ਇਲਾਵਾ ਹਲਕੇ ਦੇ ਵਿਕਾਸ ਲਈ ਕਈ ਜ਼ਿਕਰਯੋਗ ਕੰਮ ਕੀਤੇ ਸਨ। ਖਾਸ ਤੌਰ 'ਤੇ ਉਨ੍ਹਾਂ ਵੱਲੋਂ ਬਣਾਏ ਗਏ ਦੋ ਵੱਡੇ ਪੁਲਾਂ ਕਾਰਨ ਉਨ੍ਹਾਂ ਨੂੰ ਪੁਲਾਂ ਦੇ ਰਾਜੇ ਵਜੋਂ ਵੀ ਬੁਲਾਇਆ ਜਾਂਦਾ ਸੀ। ਖੰਨਾ ਨੂੰ ਹਰਾਉਣ ਲਈ ਕਾਂਗਰਸ ਨੇ 2009 'ਚ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮੈਦਾਨ 'ਚ ਉਤਾਰਿਆ ਤੇ ਬਾਜਵਾ ਵਿਨੋਦ ਖੰਨਾ ਨੂੰ ਹਰਾਉਣ  'ਚ ਸਫਲ ਰਹੇ ਪਰ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵਿਨੋਦ ਖੰਨਾ ਨੇ ਸਾਰੇ ਰਿਕਾਰਡ ਤੋੜਦੇ ਹੋਏ ਬਾਜਵਾ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਹਰਾਉਣ 'ਤੇ ਇਸ ਹਲਕੇ 'ਚ ਚੌਥੀ ਜਿੱਤ ਦਰਜ ਕਰਨ ਸਬੰਧੀ ਸਫਲਤਾ ਹਾਸਿਲ ਕੀਤੀ। ਵਿਨੋਦ ਖੰਨਾ ਦੇ ਸਵਰਗਵਾਸ ਹੋਣ ਜਾਣ ਦੇ ਬਾਅਦ 2017 ਦੌਰਾਨ ਹੋਈ ਉਪ ਚੋਣ 'ਚ ਭਾਜਪਾ ਨੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੱਲੋਂ ਟਿਕਟ ਦੀ ਮੰਗ ਕੀਤੇ ਜਾਣ ਦੇ ਬਾਵਜੂਦ ਸਵਰਨ ਸਲਾਰੀਆ ਨੂੰ ਚੋਣ ਮੈਦਾਨ 'ਚ ਉਤਾਰਿਆ, ਕਿਉਂਕਿ ਸਲਾਰੀਆ 2014 ਦੌਰਾਨ ਵੀ ਇਸ ਹਲਕੇ ਦੀ ਟਿਕਟ ਦੇ ਦਾਅਵੇਦਾਰ ਸਨ। ਸਲਾਰੀਆ ਨੂੰ ਟਿਕਟ ਤਾਂ ਮਿਲੀ, ਪਰ ਕਈ ਕਾਰਨਾਂ ਸਦਕਾ ਉਹ ਕਾਂਗਰਸ ਦੇ ਸੁਨੀਲ ਜਾਖੜ ਤੋਂ ਕਰੀਬ 2 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਪੱਛੜ ਗਏ ਸਨ। 

ਵਰਕਰਾਂ 'ਚ ਬਣੀ ਭੰਬਲਭੂਸੇ ਵਾਲੀ ਸਥਿਤੀ
ਜ਼ਿਮਨੀ ਚੋਣ ਹਾਰਨ ਦੇ ਬਾਵਜੂਦ ਸਲਾਰੀਆ ਨੇ ਇਸ ਹਲਕੇ ਅੰਦਰ ਆਪਣੀਆਂ ਸਰਗਰਮੀਆਂ ਠੱਪ ਨਹੀਂ ਕੀਤੀਆਂ ਤੇ 2019 ਦੀਆਂ ਚੋਣਾਂ ਲੜਨ ਲਈ ਵੀ ਪੂਰੇ ਜ਼ੋਰ ਸ਼ੋਰ ਨਾਲ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਚੋਣ ਵਰ੍ਹੇ ਦੌਰਾਨ ਪ੍ਰਧਾਨ ਮੰਤਰੀ ਵਲੋਂ ਗੁਰਦਾਸਪੁਰ ਵਿਖੇ ਇਸ ਸਾਲ ਦੀ ਕੀਤੀ ਗਈ ਪਹਿਲੀ ਰੈਲੀ ਦੌਰਾਨ ਜਿਸ ਢੰਗ ਨਾਲ ਕਵਿਤਾ ਖੰਨਾ ਨੇ ਮੁੜ ਹਲਕੇ 'ਚ ਐਂਟਰੀ ਕੀਤੀ ਤੇ ਸਟੇਜ ਤੋਂ ਪ੍ਰਧਾਨ ਮੰਤਰੀ ਵਲੋਂ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦਾ ਪ੍ਰਣ ਲਿਆ ਗਿਆ। ਉਸ ਨੇ ਵਿਨੋਦ ਖੰਨਾ ਦੇ ਪ੍ਰਸ਼ੰਸਕਾਂ ਅੰਦਰ ਨਵੀਂ ਰੂਹ ਫੂਕ ਦਿੱਤੀ ਸੀ। ਇਸ ਦੇ ਬਾਅਦ ਕਰੀਬ ਇਕ ਮਹੀਨਾ ਗਾਇਬ ਰਹਿਣ ਉਪਰੰਤ ਹੁਣ ਜਦੋਂ ਕਵਿਤਾ ਖੰਨਾ ਨੇ ਮੁੜ ਗੁਰਦਾਸਪੁਰ ਤੇ ਪਠਾਨਕੋਟ 'ਚ ਜਾ ਕੇ ਆਪਣੀ ਦਾਅਵੇਦਾਰੀ ਠੋਕ ਦਿੱਤੀ ਹੈ, ਤਾਂ ਉਸ ਨੇ ਨਾ ਸਿਰਫ ਸਲਾਰੀਆ ਸਮਰਥਕਾਂ ਨੂੰ ਬੇਚੈਨ ਤੇ ਨਿਰਾਸ਼ ਕੀਤਾ ਹੈ, ਸਗੋਂ ਇਸ ਨਾਲ ਵਰਕਰਾਂ 'ਚ ਭੰਬਲਭੂਸੇ ਵਾਲੀ ਸਥਿਤੀ ਬਣ ਗਈ ਹੈ। 

ਕੀ ਕਹਿਣਾ ਹੈ ਕਵਿਤਾ ਖੰਨਾ ਦਾ
ਇਸ ਸਬੰਧੀ ਕਵਿਤਾ ਖੰਨਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਹਲਕੇ ਦੇ ਲੋਕ ਉਨ੍ਹਾਂ ਨੂੰ ਗੁਰਦਾਸਪੁਰ ਦੀ ਸੰਸਦ ਮੈਂਬਰ ਦੇਖਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਜੇਕਰ ਪਾਰਟੀ ਨੇ ਮੌਕਾ ਦਿੱਤਾ ਤਾਂ ਉਹ ਇਸ ਹਲਕੇ ਦੀ ਸੀਟ ਸ਼ਾਨ ਨਾਲ ਜਿੱਤਣਗੇ। ਸਵਾਲ ਦੇ ਜਵਾਬ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਹਲਕੇ ਤੋਂ ਅਕਸ਼ੇ ਖੰਨਾ ਦੇ ਚੋਣ ਲੜਨ ਦੀ ਕੋਈ ਸੰਭਾਵਨਾ ਨਹੀਂ ਹੈ।

ਸਲਾਰੀਆ ਸਮਰਥਕਾਂ ਦਾ ਦਾਅਵਾ
ਦੂਜੇ ਪਾਸੇ ਸਲਾਰੀਆ ਦੇ ਸਮਰਥਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਸਲਾਰੀਆ ਲਗਾਤਾਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਆ ਰਹੇ ਹਨ ਤੇ ਅਜਿਹਾ ਨਹੀਂ ਹੋ ਸਕਦਾ ਕਿ ਹਾਈਕਮਾਨ ਸਲਾਰੀਆ ਦੀ ਏਨੇ ਸਾਲਾਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕਰ ਕੇ ਉਸ ਕਵਿਤਾ ਖੰਨਾ ਨੂੰ ਚੋਣ ਲੜਾਵੇ, ਜਿਸ ਨੂੰ ਸਿਰਫ ਚੋਣਾਂ ਦੌਰਾਨ ਹੀ ਹਲਕੇ ਦੀ ਯਾਦ ਆਉਂਦੀ ਹੈ।
 


Baljeet Kaur

Content Editor

Related News