ਕਰਤਾਰਪੁਰ ਕਾਰੀਡੋਰ ਬਣਾਉਣ ''ਤੇ ਕੀ ਹੋ ਰਿਹੈ ਕਿਸਾਨਾਂ ਨਾਲ ਧੱਕਾ ?
Wednesday, Jan 23, 2019 - 06:04 PM (IST)

ਗੁਰਦਾਸਪੁਰ (ਗੁਰਪ੍ਰੀਤ) - ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਅਕਵਾਇਰ ਹੋਈ ਜ਼ਮੀਨ ਤੋਂ ਬਾਅਦ ਉਥੇ ਹੋਣ ਜਾ ਰਹੀ ਉਸਾਰੀ ਦੇ ਸਬੰਧ 'ਚ ਅੱਜ ਨੈਸ਼ਨਲ ਲੈਂਡ ਆਕਵਾਇਰ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਅਨਿਲ ਬਮ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਮੈਨੇਜਰ ਸੁਖਦੇਵ ਸਿੰਘ ਸਮੇਤ ਬੀ.ਐੱਸ.ਐੱਫ. ਦੇ ਡੀ.ਆਈ.ਜੀ. ਅਤੇ ਆਈ.ਜੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਬਮ ਨੇ ਦੱਸਿਆ ਕਿ ਜਿਨ੍ਹਾਂ ਵੀ ਕਿਸਾਨਾਂ ਦੀ ਜ਼ਮੀਨ ਲਈ ਜਾਵੇਗੀ, ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਸਰਕਾਰ ਵਲੋਂ ਦਿੱਤਾ ਜਾਵੇਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਜਲਦ ਤੋਂ ਜਲਦ ਕਰਤਾਰਪੁਰ ਲਾਂਘੇ ਦੇ ਪ੍ਰਾਜੈਕਟ ਨੂੰ ਉਹ ਭਾਰਤ ਵਾਲੇ ਪਾਸਿਓਂ ਪੂਰਾ ਕਰ ਦੇਣ।
ਦੂਜੇ ਪਾਸੇ ਜਿੰਨਾ ਕਿਸਾਨਾਂ ਦੀ ਜ਼ਮੀਨ ਨਵੀਂ ਬਣਨ ਜਾ ਰਹੀ ਸੜਕ ਵਿਚਕਾਰ ਆ ਰਹੀ ਹੈ, ਉਹ ਕਿਸਾਨ ਚਿੰਤਾ 'ਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸਥਾਨਿਕ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਸਹੀ ਢੰਗ ਨਾਲ ਨਹੀਂ ਦੇ ਰਹੇ ਹਨ। ਕਿਸਾਨਾਂ ਨੇ ਸਰਕਾਰ ਤੋਂ ਜ਼ਮੀਨ ਬਦਲੇ ਬਣਦੇ ਮੁਆਵਜ਼ੇ 'ਚ ਦੋ ਜਾਂ ਤਿੰਨ ਗੁਣਾ ਵਾਧਾ ਕਰਨ ਦੀ ਮੰਗ ਕੀਤੀ ਹੈ।|