ਨਸ਼ਾ ਮੁਕਤੀ ਸੈਂਟਰ ''ਚ 12 ਸਾਲ ਦਾ ਬੱਚਾ ਨਸ਼ੇ ਤੋਂ ਮੁਕਤੀ ਪਾਉਣ ਲਈ ਹੋਇਆ ਦਾਖਲ
Monday, Jun 03, 2019 - 10:12 AM (IST)
ਗੁਰਦਾਸਪੁਰ (ਵਿਨੋਦ) : ਜਿਸ ਦੇਸ਼ ਦਾ ਬਚਪਨ ਨਸ਼ੇ ਵਿਚ ਡੁੱਬਿਆ ਹੋਵੇ, ਉਸ ਦੇਸ਼ ਦੀ ਜਵਾਨੀ ਕਿਸ ਤਰ੍ਹਾਂ ਦੀ ਹੋਵੇਗੀ ਇਹ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ਵਿਚ ਨਸ਼ੇ ਦੇ ਵਧਦੇ ਪ੍ਰਚਲਨ ਸਬੰਧੀ ਕਈ ਵਾਰ ਸ਼ੋਰ ਮਚਿਆ ਅਤੇ ਹਰ ਵਾਰ ਹੀ ਰਾਜਨੀਤਕ ਬਿਆਨਬਾਜ਼ੀ ਦੇ ਵਿਚ ਦੱਬ ਕੇ ਰਹਿ ਗਿਆ। ਪੰਜਾਬ ਵਿਚ ਨਸ਼ੇ ਦੀ ਹਾਲਤ ਇਹ ਹੈ ਕਿ ਨੌਜਵਾਨ ਵਰਗ ਦੇ ਨਾਲ-ਨਾਲ ਬੱਚੇ ਵੀ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਨਸ਼ਾ ਪੂਰਤੀ ਦੇ ਲਈ ਘਰ ਤੋਂ ਚੋਰੀ ਕਰਨ ਤੋਂ ਵੀ ਪ੍ਰਹੇਜ਼ ਨਹੀਂ ਕਰਦੇ। ਇਸਦੀ ਤਾਜ਼ਾ ਉਦਾਹਰਣ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਵਿਚ ਨਸ਼ੇ ਤੋਂ ਮੁਕਤੀ ਪਾਉਣ ਲਈ ਇਲਾਜ ਕਰਵਾਉਣ ਲਈ ਦਾਖ਼ਲ ਹੋਏ ਇਕ 12 ਸਾਲਾ ਬਾਲਕ ਤੋਂ ਮਿਲਦੀ ਹੈ।
ਗੁਰਦਾਸਪੁਰ ਤੋਂ ਕੁਝ ਦੂਰੀ 'ਤੇ ਸਥਿਤ ਇਕ ਪਿੰਡ ਦਾ 12 ਸਾਲਾ ਲੜਕਾ ਚਰਸ ਸਮੇਤ ਸ਼ਰਾਬ ਪੀਂਦਾ ਹੈ ਅਤੇ ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਦੀ ਦੁਕਾਨ ਤੋਂ ਚੋਰੀ ਕਰਦਾ ਹੈ, ਜਦਕਿ ਉਸ ਦਾ ਪਿਤਾ ਟਰੱਕ ਡਰਾਈਵਰ ਹੈ ਅਤੇ ਅਕਸਰ ਘਰ ਤੋਂ ਬਾਹਰ ਰਹਿੰਦਾ ਹੈ। ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਵਿਚ ਜਾ ਕੇ ਗੱਲ ਕਰਨ 'ਤੇ ਉਸ ਨੇ ਦੱਸਿਆ ਕਿ ਪਿੰਡ ਤੋਂ ਹੀ ਉਸ ਤੋਂ ਜ਼ਿਆਦਾ ਉਮਰ ਦੇ ਲੜਕਿਆਂ ਦੇ ਨਾਲ ਮਿਲ ਕੇ ਉਸ ਨੇ ਲਗਭਗ 3-4 ਸਾਲ ਪਹਿਲਾਂ ਸਿਗਰਟ ਵਿਚ ਚਰਸ ਪਾ ਕੇ ਪੀਣਾ ਸ਼ੁਰੂ ਕੀਤਾ ਸੀ, ਜੋ ਹੁਣ ਉਸ ਦੀ ਆਦਤ ਬਣ ਗਈ ਹੈ। ਉਹ ਚਰਸ ਨਸ਼ਾ ਪੂਰਤੀ ਕਰਨ ਦੇ ਲਈ ਆਪਣੀ ਮਾਂ ਦੀ ਦੁਕਾਨ ਤੋਂ ਪੈਸੇ ਚੋਰੀ ਕਰਨ ਤੋਂ ਵੀ ਪ੍ਰਹੇਜ਼ ਨਹੀਂ ਕਰਦਾ ਅਤੇ ਕਦੀ-ਕਦੀ ਸ਼ਰਾਬ ਵੀ ਪੀ ਲੈਂਦਾ ਹੈ। ਇਸ ਬੱਚੇ ਦੇ ਅਨੁਸਾਰ ਜਦ ਉਹ ਪਿੰਡ ਵਿਚ ਹੀ ਇਕ ਲੜਕੇ ਨਾਲ ਝਗੜਾ ਕਰ ਕੇ ਉਸ ਦੇ ਸਿਰ 'ਤੇ ਇੱਟ ਨਾ ਮਾਰਦਾ, ਤਾਂ ਹੋ ਸਕਦਾ ਹੈ ਕਿ ਮੇਰੀ ਮਾਂ ਨੂੰ ਮੇਰੇ ਨਸ਼ੇ ਕਰਨ ਦਾ ਪਤਾ ਨਾ ਚਲਦਾ। ਜਿਸ ਨੂੰ ਮੈਂ ਇੱਟ ਮਾਰੀ ਤੇ ਉਸ ਨੇ ਗੁੱਸੇ ਵਿਚ ਆ ਕੇ ਮੇਰੀ ਮਾਂ ਨੂੰ ਮੇਰੇ ਨਸ਼ਾ ਕਰਨ ਦੇ ਬਾਰੇ ਵਿਚ ਦੱਸਿਆ। ਇਹ ਬਹੁਤ ਬਹੁਤ ਹੀ ਸੁਰੀਲੀ ਆਵਾਜ਼ 'ਚ ਗਾਉਂਦਾ ਹੈ ਅਤੇ ਵਾਇਸ ਆਫ ਪੰਜਾਬ ਵਿਚ ਹਿੱਸਾ ਲੈਣ ਦੀ ਇੱਛਾ ਵੀ ਰੱਖਦਾ ਹੈ। ਹੁਣ ਇਹ ਬੱਚਾ ਰੈੱਡ ਕਰਾਸ ਨਸ਼ਾ ਮੁਕਤੀ ਸੈਂਟਰ ਵਿਚ ਮਨ ਬਣਾ ਕੇ ਆਇਆ ਕਿ ਨਸ਼ੇ ਤੋਂ ਮੁਕਤੀ ਪਾਉਣੀ ਹੈ ਅਤੇ ਇਕ ਵਧੀਆ ਇਨਸਾਨ ਬਣਨਾ ਹੈ।
ਇਸ ਤਰ੍ਹਾਂ ਦੇ ਨਸ਼ਾ ਕਰਨ ਵਾਲੇ ਛੋਟੇ ਬੱਚਿਆਂ ਦਾ ਫੀਸਦੀ ਬੇਸ਼ੱਕ ਬਹੁਤ ਘੱਟ ਹੈ ਪਰ ਇਹ ਗੰਭੀਰ ਮਾਮਲਾ ਹੈ। ਹਰ ਪਿੰਡ ਦੇ ਕੁਝ ਨਸ਼ੇੜੀ ਨੌਜਵਾਨ ਪਿੰਡ ਦੇ ਹੋਰ ਲੜਕਿਆਂ ਨੂੰ ਨਸ਼ੇ ਦਾ ਆਦੀ ਬਣਾਉਦੇ ਹਨ। ਇਸ ਸਬੰਧੀ ਸਾਰੀ ਜਾਣਕਾਰੀ ਉੱਚ ਪੁਲਸ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਹੈ ਪਰ ਕਾਰਵਾਈ ਕੋਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਜਦ ਬੱਚੇ ਨਸ਼ੇੜੀ ਹੋਣਗੇ ਤਾਂ ਨਿਸ਼ਚਿਤ ਰੂਪ ਵਿਚ ਜਵਾਨੀ ਤਾਂ ਬਰਬਾਦ ਹੋਵੇਗੀ ਹੀ। ਚਰਸ ਦਾ ਨਸ਼ਾ ਬਹੁਤ ਬੁਰਾ ਹੁੰਦਾ ਹੈ ਅਤੇ ਇਸ ਨਾਲ ਪਾਗਲ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ।