ਆਫੀਸ਼ੀਅਲ ਵਟਸਐਪ ਗਰੁੱਪ ''ਚ ਭੇਜੀ ਅਸ਼ਲੀਲ ਵੀਡੀਓਜ਼
Sunday, Aug 11, 2019 - 10:10 AM (IST)

ਗੁਰਦਾਸਪੁਰ, ਬਟਾਲਾ (ਵਿਨੋਦ, ਮਠਾਰੂ) : ਸਿੱਖਿਆ ਵਿਭਾਗ ਗੁਰਦਾਸਪੁਰ ਦੀ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਮੁਹਿੰਮ ਦੇ ਜ਼ਿਲਾ ਕੋਆਰਡੀਨੇਟਰ ਵੱਲੋਂ ਵਿਭਾਗ ਦੇ ਵਟਸਐਪ ਗਰੁੱਪ ਵਿਚ ਅਸ਼ਲੀਲ ਵੀਡੀਓਜ਼ ਪਾਉਣ ਦੇ ਕਾਰਣ ਇਸ ਗਰੁੱਪ ਵਿਚ ਸ਼ਾਮਲ ਅਧਿਆਪਕਾਂ ਅਤੇ ਵਿਸ਼ੇਸ਼ ਕਰ ਕੇ ਮਹਿਲਾ ਅਧਿਆਪਕਾਵਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਬੇਸ਼ੱਕ ਅਧਿਆਪਕ ਨੇ ਪਾਈ ਅਸ਼ਲੀਲ ਵੀਡੀਓ ਨੂੰ ਡਿਲੀਟ ਕਰ ਦਿੱਤਾ ਸੀ ਪਰ ਜ਼ਿਲਾ ਸਿੱਖਿਆ ਅਧਿਕਾਰੀ ਨੇ ਇਸ ਸਬੰਧੀ ਸਖ਼ਤ ਕਦਮ ਚੁੱਕਦੇ ਹੋਏ ਉਕਤ ਅਧਿਕਾਰੀ ਨੂੰ ਅਹੁਦੇ ਤੋਂ ਹਟਾ ਕੇ ਵਾਪਸ ਇਸ ਨੂੰ ਮੂਲ ਸਕੂਲ ਵਿਚ ਭੇਜ ਦਿੱਤਾ ਹੈ ਅਤੇ ਬਦਲਵਾ ਪ੍ਰਬੰਧ ਵੀ ਕਰ ਦਿੱਤਾ ਗਿਆ ਹੈ। ਇਸ ਅਸ਼ਲੀਲ ਵੀਡੀਓ ਸਬੰਧੀ ਕਾਫੀ ਚਰਚਾ ਸਿੱਖਿਆ ਵਿਭਾਗ ਵਿਚ ਚਲ ਰਹੀ ਹੈ ਅਤੇ ਉਕਤ ਅਧਿਕਾਰੀ ਦੇ ਵਿਰੁੱਧ ਹੋਰ ਵੀ ਸਖ਼ਤ ਕਦਮ ਚੁੱਕਿਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਜ਼ਿਲਾ ਕੋਆਰਡੀਨੇਟਰ ਵਟਸਐਪ 'ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਬਲਾਕ-2 ਦੇ ਅਧਿਆਪਕਾਂ ਦੇ ਲੱਗ ਚੁੱਕੇ ਤਿੰਨ ਰੋਜ਼ਾ ਸੈਮੀਨਾਰ ਦੇ ਅਧਿਆਪਕਾਂ ਦੇ ਬਣਾਏ ਹੋਏ ਆਫੀਸ਼ੀਅਲ ਵਟਸਐਪ ਗਰੁੱਪ ਦਾ ਐਡਮਿਨ ਹੈ ਅਤੇ ਗਰੁੱਪ ਵਿਚ 45 ਦੇ ਕਰੀਬ ਮੈਂਬਰ ਹਨ, ਜਿਨ੍ਹਾਂ ਵਿਚੋਂ 30 ਤੋਂ ਵੱਧ ਮਹਿਲਾ ਅਧਿਆਪਕਾਵਾਂ ਹਨ। ਸਵੇਰੇ 9.30 ਵਜੇ ਉਕਤ ਅਧਿਕਾਰੀ ਜੋ ਇਸ ਗਰੁੱਪ ਦਾ ਐਡਮਿਨ ਹੈ, ਨੇ ਗਰੁੱਪ ਵਿਚ 4-5 ਅਸ਼ਲੀਲ ਵੀਡੀਓਜ਼ ਲਗਾਤਾਰ ਭੇਜ ਦਿੱਤੀਆਂ। ਉਕਤ ਅਧਿਕਾਰੀ ਨੂੰ ਜਦ ਆਪਣੀ ਗਲਤੀ ਦਾ ਪਤਾ ਲੱਗਾ ਤਾਂ 9.50 'ਤੇ ਉਸ ਨੇ ਭੇਜੀਆਂ ਸਾਰੀਆਂ ਅਸ਼ਲੀਲ ਵੀਡੀਓਜ਼ ਡਿਲੀਟ ਕਰ ਦਿੱਤੀਆਂ। ਇਸ ਗਰੁੱਪ ਵਿਚ ਸ਼ਾਮਲ ਮਹਿਲਾ ਅਧਿਆਪਕਾਵਾਂ ਨੇ ਜਦ ਇਹ ਵੀਡੀਓਜ਼ ਵੇਖੀਆਂ ਤਾਂ ਜ਼ਿਲਾ ਸਿੱਖਿਆ ਅਧਿਕਾਰੀ ਦੇ ਧਿਆਨ ਵਿਚ ਉਕਤ ਮਾਮਲਾ ਲਿਆਂਦਾ।
ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਵਿਨੋਦ ਕੁਮਾਰ ਨੇ ਜਾਣਕਾਰੀ ਮਿਲਣ ਤੋਂ ਬਾਅਦ ਉਕਤ ਜ਼ਿਲਾ ਕੋਆਰਡੀਨੇਟਰ ਨੂੰ ਅਹੁਦੇ ਤੋਂ ਹਟਾ ਕੇ ਬਦਲਵਾਂ ਪ੍ਰਬੰਧ ਕਰ ਦਿੱਤਾ ਹੈ ਅਤੇ ਅਧਿਆਪਕ ਨੂੰ ਵਾਪਸ ਉਸ ਦੇ ਮੂਲ ਸਕੂਲ ਵਿਚ ਭੇਜ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਅਤੇ ਕਿਸੇ ਵੇਲੇ ਵੀ ਦੋਸ਼ੀ ਅਧਿਆਪਕ 'ਤੇ ਕਾਰਵਾਈ ਹੋ ਸਕਦੀ ਹੈ।