ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਅਕਾਲੀ ਦਲ ''ਤੇ ਤਿੱਖੇ ਵਾਰ
Monday, Apr 01, 2019 - 06:18 PM (IST)
ਭਾਦਸੋਂ (ਅਵਤਾਰ) : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 15ਵਾਂ ਬਰਸੀ ਸਮਾਗਮ ਪਿੰਡ ਟੌਹੜਾ ਵਿਖੇ ਕਰਵਾਇਆ ਗਿਆ। ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੌਰਾਨ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ, ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ, ਸੁਖਦੇਵ ਸਿੰਘ ਭੌਰ, ਕਰਨੈਲ ਸਿੰਘ ਪੰਜੌਲੀ, ਕਰਨੈਲ ਸਿੰਘ ਪੀਰ ਮੁਹੰਮਦ ਸਮੇਤ ਕਈ ਸਿਆਸੀ ਅਤੇ ਧਾਰਮਿਕ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪੰਥ ਪ੍ਰਤੀ ਸੱਚੀ ਤੇ ਸੁੱਚੀ ਸੋਚ ਦਾ ਰੁਤਬਾ ਦੱਸਦੇ ਹੋਏ ਉਨ੍ਹਾਂ ਦੀ ਸੋਚ 'ਤੇ ਪਹਿਰਾ ਦੇਣ ਲਈ ਕਿਹਾ। ਇਸ ਦੌਰਾਨ ਅਕਾਲੀ ਦਲ ਬਾਦਲ 'ਤੇ ਵੀ ਤਿੱਖੇ ਹਮਲੇ ਕੀਤੇ ਗਏ।
ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲਾ ਅਕਾਲੀ ਦਲ ਬਾਦਲ ਪਰਿਵਾਰ ਦਾ ਦਲ ਬਣਕੇ ਰਹਿ ਗਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਤੇ ਕੋਈ ਕਾਰਵਾਈ ਨਾ ਕਰਨ ਕਰਕੇ ਬਾਦਲ ਪਰਿਵਾਰ ਪੂਰੀ ਤਰ੍ਹਾਂ ਦੋਸ਼ੀ ਹੈ ਜਿਸ ਨੂੰ ਪੰਥ ਕਦੇ ਵੀ ਮੁਆਫ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਟੌਹੜਾ ਪਰਿਵਾਰ ਨੂੰ ਲਾਂਭੇ ਕਰਨਾ ਬਹੁਤ ਮੰਦਭਾਗਾ ਹੈ, ਜਿਸਦਾ ਖਮਿਆਜ਼ਾ ਬਾਦਲ ਪਰਿਵਾਰ ਭੁਗਤ ਰਿਹਾ ਹੈ ।