ਸ਼ਹੀਦ ਫੌਜੀ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਿਮਰਜੀਤ ਸਿੰਘ ਬੈਂਸ
Sunday, Jun 21, 2020 - 03:15 PM (IST)
ਚੀਮਾ ਮੰਡੀ/ ਸੰਗਰੂਰ (ਗੋਇਲ): ਭਾਰਤ ਚੀਨ ਬਾਰਡਰ ਤੇ ਲੱਦਾਖ ਦੀ ਗਲਵਾਨ ਘਾਟੀ 'ਚ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਰੈਜੀਮੈਂਟ ਦੇ ਸਿਪਾਹੀ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਲੋਕ ਇਨਸਾਫ਼ ਪਾਰਟੀ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਉਨ੍ਹਾਂ ਦੇ ਗ੍ਰਹਿ ਪਿੰਡ ਤੋਲਾਵਾਲ ਪੁੱਜੇ।ਉਨ੍ਹਾਂ ਸ਼ਹੀਦ ਫ਼ੌਜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਸਮੁੱਚੇ ਭਾਰਤ ਦੇ ਨਾਇਕ ਹਨ, ਇਸ ਲਈ ਗੁਰਬਿੰਦਰ ਸਿੰਘ ਦੀ ਕੁਰਬਾਨੀ ਨੂੰ ਦੇਸ਼ ਦੇ ਲੋਕਾਂ ਵਲੋਂ ਹਮੇਸ਼ਾਂ ਲਈ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰ: ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਪ੍ਰਤੀ ਸ਼ਹੀਦ ਫ਼ੌਜੀ ਨੂੰ ਇਕ ਕਰੋੜ ਰੁਪਏ ਦੀ ਮਾਲੀ ਮਦਦ ਦੇਣ ਅਤੇ ਪਰਿਵਾਰ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਤੁਰੰਤ ਦੇਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮੁੱਚੇ ਦੇਸ਼ ਵਾਸੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ, ਕਿਉਂਕਿ ਚੀਨੀਆਂ ਨੇ ਬੜੀ ਦਰਿੰਦਗੀ ਨਾਲ ਸਾਡੇ ਦੇਸ਼ ਦੇ 20 ਨੌਜਵਾਨ ਫੌਜੀਆਂ ਨੂੰ ਸ਼ਹੀਦ ਕੀਤਾ ਹੈ ਜਦਕਿ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਭਾਰਤ ਦੇ ਕਿਸੇ ਵੀ ਹਿੱਸੇ 'ਤੇ ਚੀਨੀਆਂ ਦਾ ਕੋਈ ਕਬਜ਼ਾ ਨਹੀਂ ਹੈ।ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ,ਇਸ ਲਈ ਉਹ ਚੀਨ ਦੀਆਂ ਬਣੀਆਂ ਵਸਤੂਆਂ ਨੂੰ ਭੰਨ ਤੋੜ ਕੇ ਡਰਾਮੇ ਨਾ ਕਰਨ ਬਲਕਿ ਚੀਨੀ ਸਾਮਾਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤਾਂ ਕਿ ਦੇਸ਼ ਵਿੱਚ ਚੀਨ ਤੋਂ ਬਣੀ ਸੂਈ ਵੀ ਦਾਖਲ ਨਾ ਹੋ ਸਕੇ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ 20 ਮਹਾਨ ਸਪੂਤਾਂ ਦੇ ਅਜੇ ਸਿਵੇ ਵੀ ਠੰਡੇ ਨਹੀਂ ਹੋਏ ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਦੁਸ਼ਮਣ ਦੇਸ਼ ਨਾਲ ਟੇਬਲ ਟਾਕ ਵੀ ਸ਼ੁਰੂ ਕਰ ਦਿੱਤੀ ਗਈ ਹੈ।ਸ੍ਰ : ਬੈਂਸ ਨੇ ਕਿਹਾ ਕਿ ਇਸ ਵਾਰ ਕੇਂਦਰ ਸਰਕਾਰ ਨੂੰ ਚੀਨ ਨਾਲ ਆਰ ਪਾਰ ਦੀ ਲੜਾਈ ਲੜਨੀ ਚਾਹੀਦੀ ਹੈ।ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ, ਤਲਵਿੰਦਰ ਸਿੰਘ ਮਾਨ, ਲਛਮਣ ਸਿੰਘ ਪ੍ਰਧਾਨ ਜ਼ਿਲ੍ਹਾ ਪਟਿਆਲਾ, ਹਾਕਮ ਸਿੰਘ ਭਾਟੀਆ, ਸੁਰਿੰਦਰ ਭੁੱਲਰ ਇੰਚਾਰਜ ਧੂਰੀ ਵੀ ਮੌਜੂਦ ਸਨ।