ਸ਼ਹੀਦ ਗੁਰਬਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਅਕਾਲੀ ਨੇਤਾ ਦਾ ਅਨੋਖਾ ਉਪਰਾਲਾ

Sunday, Jun 28, 2020 - 02:28 PM (IST)

ਚੀਮਾਂ ਮੰਡੀ : ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਜੋ ਕਿ ਪਿਛਲੇ ਦਿਨੀਂ ਲੱਦਾਖ ਚੀਨ ਦੇ ਬਾਰਡਰ 'ਤੇ ਦੇਸ਼ ਲਈ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ, ਦੀ ਯਾਦ ਨੂੰ ਸਮਰਪਿਤ ਵਿਨਰਜੀਤ ਸਿੰਘ ਖਡਿਆਲ ਅਤੇ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਵੱਲੋਂ ਵਣ ਵਿਭਾਗ ਸੰਗਰੂਰ ਦੇ ਵਿਸ਼ੇਸ਼ ਸਹਿਯੋਗ ਸਦਕਾ ਹਜ਼ਾਰਾਂ ਦੀ ਗਿਣਤੀ 'ਚ ਫਲਦਾਰ ਅਤੇ ਛਾਂ ਦਾਰ ਬੂਟੇ ਸ਼ਹੀਦ ਗੁਰਬਿੰਦਰ ਸਿੰਘ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਦੇਣ ਆਈਆਂ ਸੰਗਤਾਂ ਨੂੰ ਵੰਡੇ ਗਏ। ਇਸ ਸਮੇਂ ਸ਼ਹੀਦ ਦੇ ਪਰਿਵਾਰ ਵੱਲੋਂ ਆਪਣੇ ਹੱਥੀਂ ਬੂਟੇ ਲਗਾ ਕੇ ਸ਼ਹੀਦ ਗੁਰਬਿੰਦਰ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ।

ਇਸ ਮੌਕੇ ਵਿਨਰਜੀਤ ਸਿੰਘ ਖਡਿਆਲ ਨੇ ਕਿਹਾ ਕਿ ਸ਼ਹੀਦ ਗੁਰਬਿੰਦਰ ਸਿੰਘ ਦੀ ਸ਼ਹਾਦਤ ਦਾ ਕੋਈ ਮੁੱਲ ਤਾਂ ਨਹੀਂ ਮੋੜ ਸਕਦੇ ਪਰੰਤੂ ਉਨ੍ਹਾਂ ਦੀ ਯਾਦ ਨੂੰ ਤਾਜਾ ਜ਼ਰੂਰ ਰੱਖ ਸਕਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਵਿਚ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਖੁੱਲ੍ਹੀ ਆਬੋ ਹਵਾ ਵਿਚ ਸਾਹ ਲੈ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਦੇ ਪਰਿਵਾਰਾਂ ਨੂੰ ਸਦਾ ਮਾਣ ਸਤਿਕਾਰ ਦਿੰਦੀ ਰਹੇ। ਅੱਜ ਸ਼ਹੀਦ ਦੀ ਅੰਤਿਮ ਅਰਦਾਸ ਤੇ ਅਸੀਂ ਮਿਲ ਕੇ ਸ਼ਹੀਦ ਗੁਰਬਿੰਦਰ ਸਿੰਘ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਬੂਟੇ ਵੰਡਣ ਦਾ ਇਕ ਉਪਰਾਲਾ ਕਰ ਰਹੇ ਹਾਂ।

ਇਸ ਮੌਕੇ ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ, ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਅਮਨ ਅਰੋੜਾ, ਇਕਬਾਲ ਝੂੰਦਾ, ਡੀ. ਸੀ. ਰਾਮਵੀਰ, ਐੱਸ. ਐੱਸ. ਪੀ. ਸੰਦੀਪ ਗਰਗ ਤੋਂ ਇਲਾਵਾ ਲੋਕ ਸੇਵਾ ਸਹਾਰਾ ਕਲੱਬ ਚੀਮਾਂ ਮੰਡੀ ਦੇ ਪ੍ਰਧਾਨ ਜਸਵਿੰਦਰ ਸ਼ਰਮਾਂ, ਮੱਖਣ ਸਿੰਘ ਸ਼ਾਹਪੁਰ, ਚਮਕੌਰ ਸਿੰਘ ਸ਼ਾਹਪੁਰ ਪਰਦੀਪ ਬਿੱਟੂ, ਅਮਨ ਖਾਂ ਆਦਿ ਮੌਜੂਦ ਸਨ। ਜਿਨ੍ਹਾਂ ਨੇ ਸ਼ਹੀਦ ਗੁਰਬਿੰਦਰ ਦੀ ਆਤਮਿਕ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦਿਆਂ ਸ਼ਹੀਦ ਦੀ ਤਸਵੀਰ 'ਤੇ ਫੁੱਲ ਸਮਰਪਣ ਕਰਕੇ ਸ਼ਰਧਾਂਜਲੀ ਦਿੱਤੀ ।


Gurminder Singh

Content Editor

Related News