ਗੁੰਡਾ ਟੈਕਸ ਮੰਗਣ ਵਾਲਾ ਬਦਮਾਸ਼ ਕਾਬੂ

Monday, Sep 04, 2017 - 07:07 AM (IST)

ਜਲੰਧਰ (ਜ. ਬ.)¸ ਥਾਣਾ ਨੰ. 5 ਦੀ ਪੁਲਸ ਨੇ ਇਕ ਅਜਿਹੇ ਬਦਮਾਸ਼ ਨੂੰ ਕਾਬੂ ਕੀਤਾ ਹੈ, ਜੋ ਕਿ ਜੇਲ ਤੋਂ ਜ਼ਮਾਨਤ 'ਤੇ ਬਾਹਰ ਆ ਕੇ ਲੋਕਾਂ ਤੋਂ ਗੁੰਡਾ ਟੈਕਸ ਵਸੂਲਣ ਦਾ ਕੰਮ ਕਰਦਾ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਦੋਸ਼ੀ ਦੀ ਪਛਾਣ ਪ੍ਰਿੰਸ ਪੁੱਤਰ ਅਰਜਿੰਦਰ ਸਿੰਘ ਨਿਵਾਸੀ ਸ਼ਿਵਾਨੀ ਨਗਰ ਬਸਤੀ ਦਾਨਿਸ਼ਮੰਦਾਂ ਦੇ ਤੌਰ 'ਤੇ ਹੋਈ ਹੈ। 
ਏ. ਸੀ. ਪੀ. ਵੈਸਟ ਕੈਲਾਸ਼ ਚੰਦਰ ਨੇ ਦੱਸਿਆ ਕਿ ਥਾਣਾ ਨੰ. 5 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਨੂੰ ਇਕ ਪ੍ਰਵਾਸੀ ਦਿਨੇਸ਼ ਸਿੰਘ ਪੁੱਤਰ ਬਿਰਜੂ ਸਿੰਘ ਨਿਵਾਸੀ ਨਿਊ ਸ਼ਿਵਾਨੀ ਨਗਰ ਨੇ ਸ਼ਿਕਾਇਤ ਕੀਤੀ ਕਿ ਉਹ 120 ਫੁੱਟੀ ਰੋਡ ਸਥਿਤ ਬਾਬੂ ਜਗਜੀਵਨ ਚੌਕ ਵਿਖੇ ਫਰੂਟ ਦੀ ਫੜ੍ਹੀ ਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਕੁਝ ਦਿਨਾਂ ਤੋਂ ਪ੍ਰਿੰਸ ਉਸ ਨੂੰ ਧਮਕੀਆਂ ਦੇ ਕੇ 10 ਹਜ਼ਾਰ ਗੁੰਡਾ ਟੈਕਸ ਮੰਗ ਕੇ ਉਸ ਨੂੰ ਪਰੇਸ਼ਾਨ ਕਰਨ ਲੱਗਾ। 
ਬੀਤੀ ਦੇਰ ਰਾਤ ਪ੍ਰਿੰਸ ਨੇ ਉਸ ਨੂੰ ਲੋਹੇ ਦੀਆਂ ਰਾਡਾਂ ਨਾਲ ਵੀ ਕੁੱਟਿਆ ਅਤੇ ਕਿਹਾ ਕਿ ਟੈਕਸ ਨਾ ਦੇਣ 'ਤੇ ਉਸ ਨੂੰ ਜਾਨ ਤੋਂ ਮਾਰ ਦੇਵੇਗਾ। ਸ਼ਿਕਾਇਤਕਰਤਾ ਤੋਂ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਹੀ ਪੁਲਸ ਨੇ ਕਾਰਵਾਈ ਕਰ ਕੇ ਬਦਮਾਸ਼ ਪ੍ਰਿੰਸ ਨੂੰ ਕਾਬੂ ਕੀਤਾ। ਉਥੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਪ੍ਰਿੰਸ ਦੇ ਖਿਲਾਫ ਪਹਿਲਾਂ ਵੀ 2 ਕੇਸ ਦਰਜ ਹਨ ਅਤੇ ਉਹ ਜ਼ਮਾਨਤ 'ਤੇ ਜੇਲ ਤੋਂ ਬਾਹਰ ਆਇਆ ਹੈ। ਪ੍ਰਿੰਸ ਨਕਲੀ ਕਰੰਸੀ ਦਾ ਧੰਦਾ ਅਤੇ ਏ. ਟੀ. ਐੱਮ. ਤੋੜਨ ਦਾ ਕੰਮ ਕਰ ਚੁੱਕਾ ਹੈ। ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਕਿਹਾ ਕਿ ਉਹ ਇਲਾਕੇ ਵਿਚ ਗੁੰਡਾ ਟੈਕਸ ਮੰਗਣ ਵਾਲੇ ਬਦਮਾਸ਼ਾਂ ਨੂੰ ਬਰਦਾਸ਼ਤ ਨਹੀਂ ਕਰਨਗੇ, ਜੇਕਰ ਕੋਈ ਇਸ ਤਰ੍ਹਾਂ ਦਾ ਟੈਕਸ ਮੰਗੇ ਤਾਂ ਪੁਲਸ ਨੂੰ ਪੀੜਤ ਧਿਰ ਸ਼ਿਕਾਇਤ ਦੇਵੇ।


Related News