ਗੁੰਡਾ ਟੈਕਸ ਦੀ ਵਸੂਲੀ ਹੋ ਰਹੀ ਹੈ ਪਰ ਜੋਜੋ ''ਤੇ ਲਾਏ ਦੋਸ਼ ਹਨ ਝੂਠੇ

Monday, Feb 19, 2018 - 01:23 AM (IST)

ਗੁੰਡਾ ਟੈਕਸ ਦੀ ਵਸੂਲੀ ਹੋ ਰਹੀ ਹੈ ਪਰ ਜੋਜੋ ''ਤੇ ਲਾਏ ਦੋਸ਼ ਹਨ ਝੂਠੇ

ਜਲੰਧਰ (ਜਤਿੰਦਰ ਚੋਪੜਾ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ ਨੇੜੇ ਗੁੰਡਾ ਟੈਕਸ ਦੀ ਵਸੂਲੀ ਹੋ ਰਹੀ ਹੈ ਪਰ ਅਕਾਲੀ ਦਲ ਨੇ ਮੇਰੇ ਸਾਲੇ ਜੋਜੋ 'ਤੇ ਝੂਠੇ ਦੋਸ਼ ਲਾਏ ਹਨ। ਮੈਂ ਸਿਰਫ ਇਕ ਕਿਸਾਨ ਹਾਂ। ਇਸ ਤੋਂ ਇਲਾਵਾ ਮੇਰਾ ਕੋਈ ਬਿਜ਼ਨੈੱਸ ਨਹੀਂ। ਸਭ ਜਾਣਦੇ ਹਨ ਕਿ ਮੈਨੂੰ ਨੀਵਾਂ ਦਿਖਾਉਣ ਲਈ ਉਨ੍ਹਾਂ ਕੋਲ ਕੁਝ ਨਹੀਂ ਇਸ ਲਈ ਮੇਰੇ ਸਾਲੇ 'ਤੇ ਦੋਸ਼ ਲਾ ਕੇ ਮੇਰੇ ਅਕਸ ਨੂੰ ਖਰਾਬ ਕਰਨ ਦੀ ਸਾਜ਼ਿਸ਼ ਰਚੀ ਗਈ ਹੈ। ਇਸ ਲਈ ਬਾਦਲ ਪਰਿਵਾਰ ਕਦੇ ਵੀ ਸਫਲ ਨਹੀਂ ਹੋਵੇਗਾ। ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਨਾਲ ਸਬੰਧਤ ਗੁੰਡਾ ਟੈਕਸ ਦੇ ਮਾਮਲੇ 'ਚ ਉਨ੍ਹਾਂ ਖੁਦ ਹੀ ਮੰਤਰੀ ਮੰਡਲ ਦੀ ਬੈਠਕ 'ਚ ਮੁੱਦਾ ਉਠਾਇਆ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਿਹਾ ਸੀ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਰਿਫਾਈਨਰੀ ਬਠਿੰਡਾ ਤੇ ਆਸ-ਪਾਸ ਦੇ ਲੋਕਾਂ ਨੂੰ ਰੋਜ਼ਗਾਰ ਦੇ ਕਈ ਮੌਕੇ ਮੁਹੱਈਆ ਕਰਵਾਉਂਦੀ ਹੈ। ਜੋਜੋ ਗੁੰਡਾ ਟੈਕਸ ਦੀ ਵਸੂਲੀ ਤੇ ਸਮਾਜ ਵਿਰੋਧੀ ਅਨਸਰਾਂ ਕਾਰਨ ਨਿਵੇਸ਼ਕਾਂ 'ਤੇ ਮਾੜਾ ਅਸਰ ਪੈ ਰਿਹਾ ਹੈ। ਉਹ ਪੰਜਾਬ 'ਚ ਪੂੰਜੀ ਲਾਉਣ ਤੋਂ ਕੰਨੀ ਕਤਰਾਉਣ ਲੱਗੇ ਹਨ।
ਮਨਪ੍ਰੀਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ 'ਚ ਨਿਵੇਸ਼ ਕਰਨ ਲਈ ਕੀਤੇ ਜਾ ਰਹੇ ਯਤਨਾਂ 'ਤੇ ਵੀ ਇਸ ਦਾ ਮਾੜਾ ਅਸਰ ਪੈਣਾ ਤੈਅ ਹੈ। ਉਹ ਜਲਦੀ ਹੀ ਪੁਲਸ ਦੇ ਚੋਟੀ ਦੇ ਅਧਿਕਾਰੀਆਂ ਨਾਲ ਬੈਠਕ ਕਰ ਕੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਹਿਣਗੇ। ਅਮਰਿੰਦਰ ਸਰਕਾਰ ਲਈ ਸੂਬੇ ਦੇ ਹਿੱਤ ਸਭ ਤੋਂ ਉਪਰ ਹਨ। ਗੈਰ-ਕਾਨੂੰਨੀ ਧੰਦਿਆਂ 'ਚ ਕਾਂਗਰਸੀ ਵਿਧਾਇਕਾਂ ਦੀ ਕਥਿਤ ਸ਼ਮੂਲੀਅਤ ਬਾਰੇ ਮਨਪ੍ਰੀਤ ਨੇ ਕਿਹਾ ਕਿ ਕੁਝ ਗਿਣਤੀ ਦੇ ਲੋਕਾਂ ਦੇ ਨਿੱਜੀ ਹਿੱਤਾਂ ਦੇ ਬਦਲੇ ਕਾਂਗਰਸ ਦੇ ਵੱਕਾਰ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।  ਜਿਹੜਾ ਵੀ ਦੋਸ਼ੀ ਹੋਵੇਗਾ, ਵਿਰੁੱਧ ਸਖਤ ਕਾਰਵਾਈ ਹੋਵੇਗੀ। ਪੰਜਾਬ 'ਚ ਗੁੰਡਾ ਟੈਕਸ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ।


Related News