ਹੁਸ਼ਿਆਰਪੁਰ ''ਚ ਖੂਨੀ ਗੈਂਗਵਾਰ, ਰਾਤ ਦੇ ਹਨ੍ਹੇਰੇ ''ਚ ਨੌਜਵਾਨਾਂ ''ਤੇ ਚਲਾਈਆਂ ਗੋਲੀਆਂ (ਵੀਡੀਓ)

Wednesday, Apr 04, 2018 - 05:21 PM (IST)

ਹੁਸ਼ਿਆਰਪੁਰ (ਮਿਸ਼ਰਾ)— ਆਪਸੀ ਰੰਜਿਸ਼ ਨੂੰ ਲੈ ਕੇ ਸ਼ਹਿਰ ਦੇ ਊਨਾ ਰੋਡ ਸਥਿਤ ਪਾਸ਼ ਏਰੀਆ ਗੌਤਮ ਨਗਰ 'ਚ ਮੰਗਲਵਾਰ ਦੇਰ ਰਾਤ 11 ਵਜੇ ਇਕ ਧਿਰ ਨੇ ਦੂਜੇ ਧਿਰ ਦੇ ਨੌਜਵਾਨਾਂ 'ਤੇ ਅੰਨ੍ਹੇਵਾਰ ਗੋਲੀਆਂ ਚਲਾ ਦਿੱਤੀਆਂ।  ਕਰੀਬ ਇਕ ਦਰਜਨ ਰਾਊਂਡ ਫਾਇਰ ਹੋਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਹਮਲੇ ਦੌਰਾਨ ਆਪਸ 'ਚ ਜੀਜਾ-ਸਾਲਾ ਅੰਮ੍ਰਿਤਪਾਲ ਸਿੰਘ ਉਰਫ ਜੇ. ਬੀ ਅਤੇ ਹਨੀ ਦੀ ਲੱਤ 'ਚ ਗੋਲੀਆਂ ਲੱਗਣ ਨਾਲ ਦੋਵੇਂ ਜ਼ਖਮੀ ਹੋ ਗਏ। ਪੁਲਸ ਨੇ ਸੂਚਨਾ ਮਿਲਦੇ ਹੀ ਪੂਰੇ ਇਲਾਕੇ 'ਚ ਨਾਕਾਬੰਦੀ ਕਰਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਜੇ. ਏਲਿਨਚੇਲੀਅਨ ਨੇ ਖੁਦ ਹਸਪਤਾਲ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਜੇ. ਬੀ. ਦੀਆਂ ਲੱਤਾਂ 'ਤੇ ਦੋ ਅਤੇ ਹਨੀ ਦੀ ਲੱਤ 'ਤੇ ਇਕ ਗੋਲੀ ਲੱਗੀ ਹੈ। ਇਸ ਮੌਕੇ 'ਤੇ ਟ੍ਰੇਨਿੰਗ ਆਈ. ਪੀ. ਐੱਸ. ਡਾ. ਅੰਕੁਰ ਗੁਪਤਾ, ਡੀ. ਐੱਸ. ਪੀ. ਸੁਖਵਿੰਦਰ ਸਿੰਘ, ਥਾਣਾ ਮਾਡਲ ਟਾਊਨ ਇੰਚਾਰਜ ਨਰਿੰਦਰ ਕੁਮਾਰ ਅਤੇ ਥਾਣਾ ਸਿਟੀ ਦੇ ਐੱਸ. ਐੱਚ. ਓ. ਜਗਦੀਸ਼ ਰਾਜਾ ਅੱਤਰੀ ਵੀ ਮੌਕੇ 'ਤੇ ਮੌਜੂਦ ਸਨ। 
ਕੀ ਕਹਿੰਦੇ ਹਨ ਜ਼ਖਮੀ ਜੇ. ਬੀ.?
ਸਿਵਲ ਹਸਪਤਾਲ 'ਚ ਦਾਖਲ ਅੰਮ੍ਰਿਤਪਾਲ ਸਿੰਘ ਉਰਫ ਜੇ. ਬੀ. ਪੁੱਤਰ ਕੁਲਦੀਪ ਸਿੰਘ ਵਾਸੀ ਸੁਭਾਸ਼ ਨਗਰ ਨੇ ਦੱਸਿਆ ਕਿ ਉਹ ਆਪਣੇ ਸਾਲੇ ਹਨੀ ਅਤੇ ਕੁਝ ਹੋਰ ਦੋਸਤਾਂ ਨਾਲ ਕਾਰ 'ਚ ਊਨਾ ਰੋਡ ਵੱਲ ਜਾ ਰਹੇ ਸਨ ਕਿ ਰਸਤੇ 'ਚ ਗੌਤਮ ਨਗਰ ਨੇੜੇ ਅੱਗੇ ਚੱਲ ਰਹੀ ਇਕ ਹੋਰ ਗੱਡੀ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਰਾਤ 11 ਵਜੇ ਉਕਤ ਗੱਡੀ ਦੇ ਇਲਾਵਾ ਇਕ ਹੋਰ ਕਾਰ 'ਚੋਂ ਕੁਝ ਵਿਅਕਤੀ ਬਾਹਰ ਨਿਕਲੇ ਅਤੇ ਉਨ੍ਹਾਂ 'ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੱਖਾਂ 'ਚ ਹੱਥੋਪਾਈ ਵੀ ਹੋਈ ਅਤੇ ਇਸ ਦੌਰਾਨ ਹਮਲਾਵਰਾਂ ਦੀ ਰਿਵਾਲਵਰ ਵੀ ਹੇਠਾਂ ਡਿੱਗ ਗਈ, ਜਿਸ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ ਪਰ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜ਼ਖਮੀ ਹੋ ਕੇ ਜਦੋਂ ਅੰਮ੍ਰਿਤਪਾਲ ਸਮੇਤ ਬਾਕੀ ਦੇ ਲੋਕ ਡਿੱਗ ਗਏ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। 

PunjabKesari
ਕੀ ਹੈ ਰੰਜਿਸ਼ ਦਾ ਕਾਰਨ ? 
ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਅੰਮ੍ਰਿਤਪਾਲ ਸਿੰਘ ਇਕ ਹੱਤਿਆ ਦੇ ਮਾਮਲੇ 'ਚ ਗਵਾਹ ਹੈ ਅਤੇ ਬਿੰਨੀ ਗੁੱਜਰ ਜੋ ਕਿ ਲੁਧਿਆਣਾ ਦੀ ਜੇਲ 'ਚ ਬੰਦ ਹੈ, ਇਸ ਮਾਮਲੇ ਨੂੰ ਲੈ ਕੇ ਜੇ. ਬੀ. ਨਾਲ ਉਹ ਰੰਜਿਸ਼ ਰੱਖ ਰਿਹਾ ਹੈ। ਜੇ. ਬੀ. ਮੁਤਾਬਕ ਮਾਮਲੇ 'ਚ ਗਵਾਹੀ ਨਾ ਦੇਣ ਦਾ ਦਬਾਅ ਬਣਾਉਂਦੇ ਹੋਏ ਬਿੰਨੀ ਗੁੱਜਰ ਨੇ ਪਹਿਲਾਂ ਵੀ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਸੀ ਅਤੇ ਜਦਕਿ ਮਾਮਲੇ ਦਾ ਫੈਸਲਾ ਆਉਣ ਵਾਲੀ ਸੀ ਤਾਂ ਉਸ ਨੇ ਜੇਲ 'ਚ ਬੈਠੇ ਹੀ ਆਪਣੇ ਸਾਥੀਆਂ ਤੋਂ ਉਸ 'ਤੇ ਹਮਲਾ ਕਰਵਾ ਦਿੱਤਾ। 

PunjabKesari
ਪੁਲਸ ਨੇ ਦਰਜ ਕੀਤਾ ਮਾਮਲਾ
ਥਾਣਾ ਸਿਟੀ ਦੇ ਐੱਸ. ਐੱਚ. ਓ. ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਰੋਬਿਨ, ਸੌਰਭ ਜਿੰਦਲ, ਸੁੱਖੀ, ਸੰਪਤ ਅਤੇ ਹੋਰ ਅਣਪਛਾਤੇ ਦੋਸ਼ੀਆਂ ਖਿਲਾਫ ਧਾਰਾ 307,427,148,149 ਦੇ ਨਾਲ-ਨਾਲ ਆਮਰਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਐੱਸ. ਐੱਸ. ਪੀ. ਜੇ. ਏਲਿਨਚੇਲੀਅਨ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਗੋਲੀਬਾਰੀ 'ਚ 2 ਨੌਜਵਾਨ ਜ਼ਖਮੀ ਹੋਏ ਹਨ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। 


Related News