ਨੰਗਲ ਸਲੇਮਪੁਰ ’ਚ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਦੀ ਫੁਟੇਜ ਜਾਰੀ

Thursday, Mar 11, 2021 - 10:01 AM (IST)

ਨੰਗਲ ਸਲੇਮਪੁਰ ’ਚ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਦੀ ਫੁਟੇਜ ਜਾਰੀ

ਜਲੰਧਰ (ਸੁਨੀਲ)– ਮਕਸੂਦਾਂ ਥਾਣੇ ਅਧੀਨ ਆਉਂਦੇ ਨੰਗਲ ਸਲੇਮਪੁਰ ਵਿਚ ਸੀਮੈਂਟ ਸਟੋਰ ਦੇ ਮਾਲਕ ’ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਪੁਲਸ ਨੇ ਕਈ ਲੋਕਾਂ ਨੂੰ ਰਾਊਂਡਅਪ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਆਸ-ਪਾਸ ਲੱਗੇ ਕਈ ਪਿੰਡਾਂ ਦੇ ਸੀ. ਸੀ. ਟੀ. ਵੀ. ਵੀ ਖੰਗਾਲੇ ਜਾ ਰਹੇ ਹਨ।

ਡੀ. ਐੱਸ. ਪੀ. ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜਾਂਚ ਦੌਰਾਨ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਇਨਪੁੱਟ ਮਿਲੇ ਹਨ, ਜਿਸ ਦੇ ਆਧਾਰ ’ਤੇ ਇਨ੍ਹਾਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਤਜਿੰਦਰਪਾਲ ਸਿੰਘ ਨੂੰ ਲੱਗੀ ਗੋਲੀ ਉਸਦੇ ਫੂਡ ਪਾਈਪ ਰਾਹੀਂ ਫੇਫੜਿਆਂ ਦੇ ਨੇੜੇ ਪਹੁੰਚ ਗਈ ਹੈ, ਜਿਸ ਦਾ ਆਪ੍ਰੇਸ਼ਨ ਹੋਵੇਗਾ। ਉਨ੍ਹਾਂ ਨੇ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰਦੇ ਹੋਏ ਕਿਹਾ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੋਲੀ ਚਲਾਉਣ ਵਾਲਿਆਂ ਵਿਚ 3 ਲੋਕ ਸਨ, ਜੋ ਪਿਛਲੇ 4-5 ਦਿਨਾਂ ਤੋਂ ਰੇਕੀ ਕਰ ਰਹੇ ਸਨ। ਡੀ. ਐੱਸ. ਪੀ. ਇਕਬਾਲ ਸਿੰਘ ਰੰਧਾਵਾ ਨੇ ਸੀ. ਆਈ. ਏ., ਲਾਂਬੜਾ ਆਦਿ ਥਾਣਿਆਂ ਦੀ ਮਦਦ ਨਾਲ ਸਵੇਰੇ ਆਪਣੀ ਜਾਂਚ ਸ਼ੁਰੂ ਕੀਤੀ ਅਤੇ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਨੂੰ ਅੱਗੇ ਵਧਾਇਆ ਅਤੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

ਮਕਸੂਦਾਂ ਥਾਣੇ ਅਧੀਨ ਆਉਂਦੇ ਇਲਾਕਿਆਂ ਵਿਚ ਵਧਾਈ ਜਾਵੇ ਪੁਲਸ ਗਸ਼ਤ : ਗੰਭੀਰ
ਇਸ ਮੌਕੇ ਨੌਜਵਾਨ ਭਾਜਪਾ ਨੇਤਾ ਪ੍ਰਸ਼ਾਂਤ ਗੰਭੀਰ ਨੇ ਕਿਹਾ ਕਿ ਪੰਜਾਬ ਅੱਜਕਲ ਕ੍ਰਾਈਮ ਦਾ ਗੜ੍ਹ ਬਣ ਚੁੱਕਾ ਹੈ ਕਿਉਂਕਿ ਇਥੇ ਪੁਲਸ ਪ੍ਰਸ਼ਾਸਨ ਦੇ ਨਾਲ-ਨਾਲ ਗੈਂਗਸਟਰਾਂ ਦਾ ਵੀ ਰਾਜ ਚੱਲ ਰਿਹਾ ਹੈ। ਇਨ੍ਹਾਂ ਨੂੰ ਰੋਕਣ ਲਈ ਪੁਲਸ ਅਸਫਲ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਥਾਣਾ ਮਕਸੂਦਾਂ ਅਧੀਨ ਆਉਂਦੇ ਇਲਾਕਿਆਂ ਵਿਚ ਪੁਲਸ ਗਸ਼ਤ ਵਧਾਈ ਜਾਵੇ।

ਡੀ. ਐੱਸ. ਪੀ. ਕਰਤਾਰਪੁਰ ਨੇ ਆਪਣਾ ਮੋਬਾਇਲ ਨੰਬਰ ਕੀਤਾ ਜਾਰੀ
ਅਸਮਾਜਿਕ ਤੱਤਾਂ ’ਤੇ ਨਕੇਲ ਕੱਸਣ ਲਈ ਡੀ. ਐੱਸ. ਪੀ. ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਆਪਣਾ ਮੋਬਾਇਲ ਨੰਬਰ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸ਼ੱਕੀ ਵਿਅਕਤੀ ਦਿਸੇ ਜਾਂ ਇਸ ਮਾਮਲੇ ਵਿਚ ਕੋਈ ਜਾਣਕਾਰੀ ਮਿਲੇ ਤਾਂ ਉਹ ਮੇਰੇ ਮੋਬਾਇਲ ਨੰਬਰ 98723-43067 ’ਤੇ ਜਾਣਕਾਰੀ ਦੇਵੇ ਤਾਂ ਕਿ ਪੁਲਸ ਮੁਲਜ਼ਮ ਨੂੰ ਜਲਦ ਤੋਂ ਜਲਦ ਕਾਬੂ ਕਰ ਸਕੇ।

ਨੂਰਪੁਰ ਰੋਡ ’ਤੇ ਦੁਬਾਰਾ ਲੱਗੇ ਪੁਲਸ ਨਾਕਾ : ਕਲੇਰ
ਕਾਂਗਰਸੀ ਨੇਤਾ ਕੁਲਦੀਪ ਕਲੇਰ ਨੇ ਕਿਹਾ ਕਿ ਜਿਥੇ ਪਹਿਲਾਂ ਨੂਰਪੁਰ ਰੋਡ ’ਤੇ ਪੁਲਸ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਸੀ ਪਰ ਇਸ ਨੂੰ ਸਿਆਸੀ ਦਬਾਅ ਕਾਰਣ ਹਟਾ ਦਿੱਤਾ ਗਿਆ, ਜੋ ਲੋਕਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਨਾਕਾ ਦੁਬਾਰਾ ਲਗਾਇਆ ਜਾਵੇ।


author

shivani attri

Content Editor

Related News