ਰੱਦ ਹੋ ਸਕਦੈ ਗੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ

Sunday, Aug 05, 2018 - 06:22 AM (IST)

ਰੱਦ ਹੋ ਸਕਦੈ ਗੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ

ਜਲੰਧਰ, (ਰੱਤਾ)- ਸਿਹਤ ਵਿਭਾਗ ਵਲੋਂ ਬੀਤੀ ਰਾਤ ਸ਼ਿਕਾਇਤ ਦੇ ਆਧਾਰ ’ਤੇ ਸੀਲ ਕੀਤੇ ਗਏ  ਗੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੈਂਸ ਰੱਦ ਹੋ ਸਕਦਾ ਹੈ। ਜ਼ਿਕਰਯੋਗ ਹੈ  ਕਿ ਸ਼ੁੱਕਰਵਾਰ ਰਾਤ ਨੂੰ ਇਕ ਖੂਨ ਦਾਨ ਕਰਨ ਵਾਲੀ ਸੰਸਥਾ ਨੇ ਸਿਹਤ ਵਿਭਾਗ ਤੇ ਪੁਲਸ ਨੂੰ  ਸੂਚਨਾ ਦਿੱਤੀ ਸੀ ਕਿ ਗੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ਵਿਚ ਇਕ ਹੀ ਨੰਬਰ ਦੇ ਕਈ  ਬਲੱਡ  ਯੂਨਿਟ ਲੋਕਾਂ ਨੂੰ ਦਿੱਤੇ ਜਾਂਦੇ ਹਨ ਤੇ ਉਥੋਂ ਦੇ ਪ੍ਰਬੰਧਕਾਂ ਨੇ ਬਲੱਡ ਨੂੰ ਵੀ  ਨਿਯਮਾਂ ਮੁਤਾਬਿਕ ਨਹੀਂ ਰੱਖਿਆ। ਇਸ ਸੂਚਨਾ ਦੇ ਆਧਾਰ ’ਤੇ ਉਕਤ ਬਲੱਡ ਬੈਂਕ ਨੂੰ  ਸੀਲ ਕਰ ਦਿੱਤਾ ਗਿਆ ਸੀ। ਸ਼ਨੀਵਾਰ ਸਵੇਰੇ ਜ਼ੋਨਲ ਲਾਇਸੈਂਸਿੰਗ ਅਥਾਰਿਟੀ ਕਰੁਣ ਸਚਦੇਵਾ,  ਡਰੱਗ ਇੰਸਪੈਕਟਰ ਅਮਰਜੀਤ ਸਿੰਘ, ਅਨੁਪਮਾ ਕਾਲੀਆ, ਨਵਦੀਪ ਸਿੰਘ (ਡਰੱਗ ਇੰਸਪੈਕਟਰ  ਕਪੂਰਥਲਾ) ਤੇ ਡੀਲਿੰਗ ਸਹਾਇਕ ਦਿਨੇਸ਼ ਕੁਮਾਰ ਦੀ ਟੀਮ ਨੇ ਜਦੋਂ ਬਲੱਡ ਬੈਂਕ ਦੀ ਸੀਲ  ਖੋਲ੍ਹ ਕੇ ਰਿਕਾਰਡ ਚੈੱਕ ਕੀਤਾ ਤਾਂ ਉਸ ਵਿਚ ਕਾਫੀ ਖਾਮੀਆਂ ਮਿਲੀਆਂ। ਬਲੱਡ ਬੈਂਕ ਵਿਚ  ਜਿਥੇ ਬਲੱਡ ਦੀ ਸਟੋਰੇਜ ਠੀਕ ਨਹੀਂ ਸੀ ਉਥੇ ਉਨ੍ਹਾਂ ਭਰੇ ਹੋਏ ਬੈਗਾਂ ’ਤੇ ਪੂਰੀ  ਜਾਣਕਾਰੀ ਵੀ ਲਿਖੀ ਸੀ। ਜ਼ਿਆਦਾਤਰ ਭਰੇ ਹੋਏ ਬੈਗਾਂ ’ਤੇ ਸਿਰਫ ਇਕ ਲੇਬਲ ਲੱਗਾ ਸੀ, ਜਿਸ ’ਤੇ ਬਲੱਡ ਗਰੁੱਪ ਲਿਖਿਆ ਸੀ।
 ਸਿਹਤ ਵਿਭਾਗ ਨੇ ਉਥੋਂ ਸਾਰਾ ਰਿਕਾਰਡ ਤੇ ਬਲੱਡ ਨਾਲ ਭਰੇ  ਹੋਏ 44 ਬੈਗ ਆਪਣੇ ਕਬਜ਼ੇ ਵਿਚ ਲੈ ਲਏ। ਸੰਪਰਕ ਕਰਨ ’ਤੇ ਜ਼ੋਨਲ ਲਾਇਸੈਂਸਿੰਗ  ਅਥਾਰਿਟੀ ਕਰੁਣ ਸਚਦੇਵਾ ਨੇ ਦੱਸਿਆ ਕਿ ਉਕਤ ਬਲੱਡ ਬੈਂਕ ਦਾ ਲਾਇਸੈਂਸ ਤੁਰੰਤ   ਨਾਲ ਰੱਦ ਕਰਨ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਜਾਵੇਗਾ, ਜਦੋਂਕਿ ਇਸ  ਸਬੰਧੀ ਪੂਰੀ ਜਾਣਕਾਰੀ ਉਨ੍ਹਾਂ ਨੂੰ ਫੋਨ ’ਤੇ ਦਿੱਤੀ ਜਾ ਚੁੱਕੀ ਹੈ ਅਤੇ ਪ੍ਰਬੰਧਕਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। 
ਬਲੱਡ ਟਰਾਂਸਫਰ ਅਫਸਰ, ਟੈਕਨੀਕਲ ਸੁਪਰਵਾਈਜ਼ਰ, ਟੈਕਨੀਸ਼ੀਅਨ ਸਮੇਤ 5 ਲੋਕਾਂ ਖਿਲਾਫ ਕੇਸ ਦਰਜ, ਗ੍ਰਿਫਤਾਰPunjabKesari
ਜਲੰਧਰ, (ਸੁਧੀਰ)-ਗੁਲਾਬ ਦੇਵੀ ਹਸਪਤਾਲ ਦੇ ਬਲੱਡ ਬੈਂਕ ’ਚ ਹੋਈ ਧਾਂਦਲੀ ਦੇ ਮਾਮਲੇ ਸਬੰਧੀ ਥਾਣਾ ਨੰ. 2 ਦੀ ਪੁਲਸ ਨੇ 5 ਲੋਕਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਨੀਰਜ ਬਖਸ਼ੀ ਵਾਸੀ ਅਰਬਨ ਅਸਟੇਟ ਫਗਵਾੜਾ ਨੇ ਪੁਲਸ ਨੂੰ ਦੱਸਿਆ ਕਿ ਉਹ ਖੂਨ ਦਾਨ ਕਰਨ ਵਾਲੀ ਸੰਸਥਾ ਚਲਾਉਂਦੇ ਹਨ ਤੇ ਬੀਤੀ ਰਾਤ ਉਹ ਗੁਲਾਬ ਦੇਵੀ ਹਸਪਤਾਲ ਪਹੁੰਚੇ ਤਾਂ ਉਥੋਂ ਦੇ ਬਲੱਡ ਬੈਂਕ ’ਚ ਗੜਬੜੀ ਪਾਏ ਜਾਣ ਦੇ ਮਾਮਲੇ ’ਚ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਸਿਹਤ ਵਿਭਾਗ ਮੌਕੇ ’ਤੇ ਪਹੁੰਚੀ ਤੇ ਹਸਪਤਾਲ ਦਾ ਬਲੱਡ ਬੈਂਕ ਸੀਲ ਕਰ ਦਿੱਤਾ ਤੇ ਕੁਝ ਰਿਕਾਰਡ ਕਬਜ਼ੇ ’ਚ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਨੀਰਜ ਬਖਸ਼ੀ ਨੇ ਉਕਤ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਨੀਰਜ ਦੀ ਸ਼ਿਕਾਇਤ ’ਤੇ ਡਾ. ਹਰਜੀਤ ਸਿੰਘ (ਬੀ. ਟੀ. ਓ.) ਵਾਸੀ ਗ੍ਰੀਨ ਮਾਡਲ ਟਾਊਨ, ਭੁਪਿੰਦਰ ਸਿੰਘ ਟੈਕਨੀਕਲ ਸੁਪਰਵਾਈਜ਼ਰ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਮੰਗਵਾਲ ਜ਼ਿਲਾ ਸੰਗਰੂਰ ਹਾਲ ਵਾਸੀ ਕੁਆਰਟਰ ਨੰਬਰ 3 ਗੁਲਾਬ ਦੇਵੀ ਹਸਪਤਾਲ, ਵੇਦ ਪ੍ਰਕਾਸ਼ ਟੈਕਨੀਸ਼ੀਅਨ ਪੁੱਤਰ ਮੰਗਾ ਰਾਮ ਵਾਸੀ ਪਿੰਡ ਗੁਲਾਰੀ ਜ਼ਿਲਾ ਸੰਗਰੂਰ ਹਾਲ ਵਾਸੀ ਕੁਆਰਟਰ ਨੰਬਰ 3 ਗੁਲਾਬ ਦੇਵੀ ਹਸਪਤਾਲ, ਦਿਨੇਸ਼ ਕੁਮਾਰ ਟੈਕਨੀਸ਼ੀਅਨ ਵਾਸੀ ਪਿੰਡ ਅਮਰਪੁਰ ਜ਼ਿਲਾ ਬਿਲਾਸਪੁਰ (ਹਿ. ਪ੍ਰ.) ਹਾਲ ਵਾਸੀ ਗੁਲਾਬ ਦੇਵੀ ਹਸਪਤਾਲ, ਬਬਲੂ (ਟੈਕਨੀਸ਼ੀਅਨ) ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਅੰਮ੍ਰਿਤਸਰ ਜ਼ਿਲਾ ਜੀਂਦ ਹਰਿਆਣਾ ਹਾਲ ਵਾਸੀ ਗੁਲਾਬ ਦੇਵੀ ਹਸਪਤਾਲ ਖਿਲਾਫ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਮਨਮੋਹਨ ਸਿੰਘ ਨੇ ਦੱਸਿਆ ਕਿ ਫੜੇ ਗਏ ਲੋਕਾਂ ਕੋਲੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Related News