ਗੈਸਟ ਫੈਕਲਟੀ ਪ੍ਰੋਫੈਸਰਾਂ ਦਾ ਧਰਨਾ 9ਵੇਂ ਦਿਨ ਜਾਰੀ, ਮੋਹਤਬਰਾਂ ਵਲੋਂ ਮੁੱਖ ਮੰਤਰੀ ਤੇ ਵਜ਼ੀਰਾਂ ਨਾਲ ਮੁਲਾਕਾਤ
Tuesday, Nov 09, 2021 - 03:55 PM (IST)
ਤਲਵਾੜਾ : ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਲੈਕਚਰਾਰਾਂ ਦਾ ਸਰਕਾਰੀ ਕਾਲਜਾਂ ਦੇ ਬਾਹਰ ਲਗਾਇਆ ਧਰਨਾ ਅੱਜ 9ਵੇਂ ਦਿਨ ਵੀ ਜਾਰੀ ਰਿਹਾ। ਦੂਜੇ ਪਾਸੇ ਬੀਤੇ ਦਿਨੀਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨਾਭਾ ਅਤੇ ਯੂਨੀਅਨ ਦੇ ਮੋਹਤਬਰ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਪਰਗਟ ਸਿੰਘ ਉਚੇਰੀ ਸਿੱਖਿਆ ਮੰਤਰੀ, ਤਿਰਪਤ ਰਜਿੰਦਰ ਸਿੰਘ ਬਾਜਵਾ ਪੰਚਾਇਤ ਮੰਤਰੀ, ਵਿਜੈ ਇੰਦਰ ਸਿੰਗਲਾ ਆਦਿ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ।
ਇਸ ਦੌਰਾਨ ਉਨ੍ਹਾਂ 906 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਬਿਨਾਂ ਕਿਸੇ ਸ਼ਰਤ ਸੁਰੱਖਿਅਤ ਕਰਨ ਦੀ ਗੱਲ ਕਹੀ ਅਤੇ ਸਾਰੇ ਮੰਤਰੀਆਂ ਨੇ ਉਪਰੋਕਤ ਸਮੱਸਿਆ ਦਾ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ। ਉਧਰ ਪ੍ਰੋ. ਹੁਕਮ ਚੰਦ ਪਟਿਆਲਾ ਨੇ ਕਿਹਾ ਕਿ ਜਿਨਾਂ ਚਿਰ ਪੰਜਾਬ ਸਰਕਾਰ ਪੱਤਰ ਜਾਰੀ ਕਰਕੇ 906 ਗੈਸਟ ਫੈਕਲਟੀ/ਪਾਰਟ ਟਾਈਮ/ਕੰਟਰੈਕਟ ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਬਿਨਾਂ ਕਿਸੇ ਸ਼ਰਤ ਸੁਰੱਖਿਅਤ ਨਹੀਂ ਕਰਦੀ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰੋਫੈਸਰ ਹਰਮਿੰਦਰ ਸਿੰਘ ਡਿੰਪਲ ਨਾਭਾ, ਪ੍ਰੋ. ਲਖਵਿੰਦਰ ਸਿੰਘ ਨਾਭਾ, ਪ੍ਰੋ. ਨਰਿੰਦਰ ਸਿੰਘ ਨਾਭਾ ਹਾਜ਼ਰ ਸਨ।