71.26 ਲੱਖ ਦੇ ਗਬਨ ’ਚ ਪਨਗ੍ਰੇਨ ਇੰਸਪੈਕਟਰ ਹਰਮੀਤ ਸਿੰਘ ਸਣੇ 3 ਵਿਰੁੱਧ ਕੇਸ ਦਰਜ

Friday, May 21, 2021 - 10:58 AM (IST)

71.26 ਲੱਖ ਦੇ ਗਬਨ ’ਚ ਪਨਗ੍ਰੇਨ ਇੰਸਪੈਕਟਰ ਹਰਮੀਤ ਸਿੰਘ ਸਣੇ 3 ਵਿਰੁੱਧ ਕੇਸ ਦਰਜ

ਅੰਮ੍ਰਿਤਸਰ (ਜ.ਬ) - ਵਿਜੀਲੈਂਸ ਬਿਊਰੋ ਅੰਮ੍ਰਿਤਸਰ ਬਾਰਡਰ ਰੇਂਜ ਵਲੋਂ ਭ੍ਰਿਸ਼ਟਾਚਾਰੀਆਂ ’ਤੇ ਸ਼ਿਕੰਜਾ ਕੱਸਦੇ ਹੋਏ ਦੋ ਅਲੱਗ-ਅਲੱਗ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਗਏ ਹਨ। ਇਸ ਵਿੱਚ 71.26 ਲੱਖ ਰੁਪਏ ਦੇ ਗਬਨ ਦੇ ਮਾਮਲੇ ਵਿੱਚ ਖਾਦ ਏਜੰਸੀ ਪਨਗ੍ਰੇਨ ਵਿੱਚ ਤਾਇਨਾਤ ਇੰਸਪੈਕਟਰ ਹਰਮੀਤ ਸਿੰਘ ਸਮੇਤ 3 ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 2 ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਇੰਸਪੈਕਟਰ ਹਰਮੀਤ ਸਿੰਘ ਅਜੇ ਫ਼ਰਾਰ ਹਨ। ਦੂਸਰੇ ਮਾਮਲੇ ਵਿੱਚ ਬਿਜਲੀ ਵਿਭਾਗ ਵਿੱਚ ਤਾਇਨਾਤ ਜੂਨੀਅਰ ਇੰਜੀਨੀਅਰ ਵਿਕਰਾਂਤ ਸਲਵਾਨ ਅਤੇ ਸਹਾਇਕ ਲਾਈਨਮੈਨ ਸੁਖਦੇਵ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਪਹਿਲੇ ਮਾਮਲੇ ਵਿੱਚ ਜਾਂਚ ਅਧਿਕਾਰੀ ਡੀ. ਐੱਸ. ਪੀ. ਅੰਮ੍ਰਿਤਸਰ ਹਰਪ੍ਰੀਤ ਸਿੰਘ ਨੇ ਜਾਂਚ ਦੇ ਆਧਾਰ ’ਤੇ ਵੱਡੀ ਖਾਦ ਏਜੰਸੀ ਪਨਗ੍ਰੇਨ ਅੰਮ੍ਰਿਤਸਰ ਰੇਂਜ ਦੇ ਮਹਿਤਾ ਖੇਤਰ ਵਿੱਚ ਤਾਇਨਾਤ ਇੰਸਪੈਕਟਰ ਹਰਮੀਤ ਸਿੰਘ, ਆਕਸ਼ਨ ਮਾਰਕੀਟ ਕਮੇਟੀ ਦਾਣਾ ਮੰਡੀ ਮਹਿਤਾ ਦੇ ਰਿਕਾਰਡਰ ਸਰਬਜੀਤ ਸਿੰਘ, ਸਵਿੰਦਰ ਸਿੰਘ ਆੜ੍ਹਤੀ ਅਤੇ ਮਾਲਕ ਐੱਸ. ਐੱਸ. ਟ੍ਰੇਡਿੰਗ ਕੰਪਨੀ ਦਾਣਾ ਮੰਡੀ ਮਹਿਤਾ-ਰਈਆ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ 3883 ਕੁਇੰਟਲ ਚਾਵਲ ਦੇ 10356 ਬੈਗ ਬਣਾਏ ਗਏ। ਇਸ ਦਾ ਸਰਕਾਰੀ ਰੇਟ 1835 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਕਲੀ ਰਿਕਾਰਡ ਤਿਆਰ ਕਰ ਮੁਲਜ਼ਮਾਂ ਨੇ ਆਪਣੇ ਅਹੁਦੇ ਦਾ ਦੁਰਉਪਯੋਗ ਕੀਤਾ ਅਤੇ ਪਨਗ੍ਰੇਨ ਏਜੰਸੀ ਨਾਲ ਧੋਖਾਦੇਹੀ ਕਰਦੇ ਹੋਏ 71.26 ਲੱਖ ਦਾ ਗਬਨ ਕਰ ਕੇ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਹੈ।

ਉੱਧਰ ਦੂਜੀ ਕਾਰਵਾਈ ਅਸ਼ੀਸ਼ ਕੁਮਾਰ ਪੁੱਤਰ ਜਗਦੀਸ਼ ਕੁਮਾਰ ਨਿਵਾਸੀ ਕੱਟੜਾ ਪਰਜਾ ਨਜ਼ਦੀਕ ਹਾਥੀ ਗੇਟ ਦੀ ਸ਼ਿਕਾਇਤ ’ਤੇ ਕੀਤੀ ਹੈ। ਕੋਵਿਡ-19 ਕਾਰਨ ਕੰਮਕਾਜ ਘੱਟ ਹੋਣ ਕਾਰਨ ਸ਼ਿਕਾਇਤਕਰਤਾ ਅਸ਼ੀਸ਼ ਆਪਣਾ ਬਿਜਲੀ ਦਾ ਬਿੱਲ ਨਾ ਦੇ ਸਕਿਆ ਤੇ ਮੁਲਜ਼ਮ ਜੂਨੀਅਰ ਇੰਜੀਨੀਅਰ ਜੇ. ਈ. ਵਿਕਰਾਂਤ ਸਲਵਾਨ ਅਤੇ ਸੁਖਦੇਵ ਸਿੰਘ ਜੂਨੀਅਰ ਲਾਈਨਮੈਨ ਉਸ ਦੀ ਦੁਕਾਨ ’ਤੇ ਆ ਗਏ। ਕਾਰਵਾਈ ਦੀ ਧਮਕੀ ਦੇਣ ਲੱਗੇ ਕਿ ਜੇਕਰ ਤੁਰੰਤ ਬਿਜਲੀ ਦਾ ਬਿੱਲ ਨਾ ਦਿੱਤਾ ਗਿਆ ਤਾਂ ਉਸ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ ਅਤੇ ਕੁਝ ਸੇਵਾ ਪਾਣੀ ਦਾ ਵੀ ਇਸ਼ਾਰਾ ਕੀਤਾ। ਇਸ ’ਤੇ ਪੀੜਤ ਵਿਅਕਤੀ ਨੇ ਕੋਵਿਡ-19 ਦੇ ਸੰਕਟ ਵਿਚ ਕਾਰਜਕਾਲ ਦਾ ਵਾਸਤਾ ਦਿੰਦੇ ਹੋਏ ਮਿੰਨਤਾਂ ਕੀਤੀਆਂ। 

ਸ਼ਿਕਾਇਤਕਰਤਾ ਨੇ ਦੱਸਿਆ ਕਿ ਬੇਰਹਿਮ ਹੋ ਚੁੱਕੇ ਅਧਿਕਾਰੀ ਅਤੇ ਕਰਮਚਾਰੀ ਦੋਨੋਂ ਸ਼ਾਮ ਨੂੰ ਸ਼ਿਕਾਇਤਕਰਤਾ ਦੀ ਦੁਕਾਨ ’ਤੇ ਫਿਰ ਆਏ ਅਤੇ ਕਿਹਾ ਕਿ ਜੇਕਰ 5 ਹਜ਼ਾਰ ਰੁਪਏ ਦੀ ਮਾਮੂਲੀ ਰਿਸ਼ਵਤ ਦਿੱਤੀ ਜਾਵੇ ਤਾਂ ਉਹ ਉਸ ਦੀਆਂ ਆਸਾਨ ਕਿਸ਼ਤਾਂ ਕਰਵਾ ਦੇਣਗੇ। ਸੌਦਾ 3500 ਰੁਪਏ ’ਚ ਤੈਅ ਹੋ ਗਿਆ। 2 ਹਜ਼ਾਰ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ। ਇਸ ਉਪਰੰਤ 1500 ਰੁਪਏ ਲਈ ਮੁੜ ਜ਼ੋਰ ਪਾਉਣਾ ਸ਼ੁਰੂ ਕੀਤਾ ਤਾਂ ਮਾਮਲਾ ਐੱਸ. ਐੱਸ. ਪੀ. ਅੰਮ੍ਰਿਤਸਰ ਬਾਰਡਰ ਰੇਂਜ ਪਰਮਪਾਲ ਸਿੰਘ ਕੋਲ ਪਹੁੰਚ ਗਿਆ। ਅਧਿਕਾਰੀ ਨੇ ਨਿਰਦੇਸ਼ਾਂ ’ਤੇ ਡੀ. ਐੱਸ. ਪੀ. ਯੋਗੇਸ਼ਵਰ ਸਿੰਘ ਦੀ ਅਗਵਾਈ ਵਿੱਚ ਬਿਊਰੋ ਟੀਮ ਨੇ ਐਕਸ਼ਨ ਲੈਂਦੇ ਹੋਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਹੁਸੈਨਪੁਰਾ ਇਲਾਕੇ ਵਿੱਚ ਤਾਇਨਾਤ ਜੇ. ਈ. ਵਿਕਰਾਂਤ ਸਲਵਾਨ ਅਤੇ ਲਾਈਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ।
                                  


author

rajwinder kaur

Content Editor

Related News