ਲਿਬਡ਼ਾ ਬੱਸ ਸਰਵਿਸ ਤੇ ਮਹਾਰਾਜਾ ਟ੍ਰੈਵਲਸ ’ਤੇ GST ਇੰਟੈਲੀਜੈਂਸ ਦਾ ਛਾਪਾ
Saturday, Jan 18, 2020 - 08:58 AM (IST)
ਲੁਧਿਆਣਾ, (ਧੀਮਾਨ)— ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ ਵਿਭਾਗ ਨੇ ਏਅਰਕੰਡੀਸ਼ਨ ਬੱਸ ਸਰਵਿਸ ਮੁਹੱਈਆ ਕਰਵਾਉਣ ਵਾਲੀਆਂ ਦੋ ਕੰਪਨੀਆਂ ਦੇ 9 ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ 45 ਅਧਿਕਾਰੀਆਂ ਦੀ ਟੀਮ ਨੇ ਲਿਬਡ਼ਾ ਬੱਸ ਸਰਵਿਸ ਦੇ ਮੋਹਾਲੀ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਮਹਾਰਾਜਾ ਟ੍ਰੈਵਲਸ ਦੇ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ।
ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਦੋਵੇਂ ਕੰਪਨੀਆਂ ਨੇ ਏਅਰਕੰਡੀਸ਼ਨ ਬੱਸ ਸਰਵਿਸ ਮੁਹੱਈਆ ਕਰਵਾ ਕੇ ਜੀ. ਐੱਸ. ਟੀ. ਇਕੱਤਰ ਕਰ ਲਿਆ ਪਰ ਵਿਭਾਗ ਕੋਲ ਜਮ੍ਹਾ ਨਹੀਂ ਕਰਵਾਇਆ। ਲਿਬਡ਼ਾ ਬੱਸ ਸਰਵਿਸ ਨੇ ਕਰੀਬ 15 ਕਰੋਡ਼ ਰੁਪਏ ਦੀ ਸਰਵਿਸ ਮੁਹੱਈਆ ਕਰਵਾਈ, ਜਿਸ ’ਤੇ ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਜੀ. ਐੱਸ. ਟੀ. ਬਣਦਾ ਹੈ।
ਇਸੇ ਤਰ੍ਹਾਂ ਮਹਾਰਾਜਾ ਟ੍ਰੈਵਲਸ ਨੇ ਕਰੀਬ 2.5 ਕਰੋਡ਼ ਰੁਪਏ ਦੀ ਸਰਵਿਸ ਮੁਹੱਈਆ ਕਰਵਾਈ ਅਤੇ ਵਿਭਾਗ ਦੇ ਕੋਲ ਲਗਭਗ 15 ਲੱਖ ਰੁਪਏ ਦਾ ਜੀ. ਐੱਸ. ਟੀ. ਜਮ੍ਹਾ ਨਹੀਂ ਕਰਵਾਇਆ। ਅਧਿਕਾਰੀਆਂ ਦੀ ਟੀਮ ਨੇ ਦੋਵਾਂ ਕੰਪਨੀਆਂ ਦੇ ਕੰਪਲੈਕਸਾਂ ’ਤੇ ਬੀਤੇ ਵੀਰਵਾਰ ਨੂੰ ਇਕੱਠੇ ਛਾਪੇਮਾਰੀ ਕੀਤੀ ਸੀ। ਸਾਰੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਅਧਿਕਾਰੀਆਂ ਨੇ ਸਾਰੇ ਟੈਲੀਫੋਨ ਵੀ ਆਪਣੇ ਕਬਜ਼ੇ ’ਚ ਲੈ ਲਏ। ਕੰਪਿਊਟਰ ਅਤੇ ਮੈਨੂਅਲ ਬੁਕਿੰਗ ਬੁੱਕਸ ਦੀ ਜਾਂਚ ਕਰਨ ਤੋਂ ਪਤਾ ਲੱਗਾ ਕਿ ਏਅਰਕੰਡੀਸ਼ਨ ਬੱਸਾਂ ਦੀ ਸਰਵਿਸ ਤਾਂ ਕੰਪਨੀਆਂ ਦੇ ਰਹੀਆਂ ਹਨ ਅਤੇ ਖਪਤਕਾਰਾਂ ਤੋਂ ਜੀ. ਐੱਸ. ਟੀ. ਵੀ ਇਕੱਠਾ ਕਰ ਰਹੀਆਂ ਹਨ ਪਰ ਵਿਭਾਗ ਦੇ ਕੋਲ ਜਮ੍ਹਾ ਨਹੀਂ ਕਰਵਾ ਰਹੀਆਂ ਅਤੇ ਨਾ ਹੀ ਜੀ. ਐੱਸ. ਟੀ. ਰਿਟਰਨ ਭਰ ਰਹੀਆਂ ਹਨ। ਇਸੇ ਨੂੰ ਅਾਧਾਰ ਬਣਾ ਕੇ ਪੁਖਤਾ ਜਾਣਕਾਰੀ ਹਾਸਲ ਕਰ ਕੇ ਇੰਟੈਲੀਜੈਂਸ ਵਿਭਾਗ ਨੇ ਛਾਪੇਮਾਰੀ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਬੱਸ ਸਰਵਿਸ ਮੁਹੱਈਆ ਕਰਵਾਉਣ ’ਤੇ 5 ਫੀਸਦੀ ਜੀ. ਐੱਸ. ਟੀ. ਲਗਦਾ ਹੈ। ਅਧਿਕਾਰੀਆਂ ਦੇ ਮੁਤਾਬਕ ਅਜੇ ਇਹ ਪਹਿਲੇ ਪਡ਼ਾਅ ਦੀ ਛਾਣਬੀਣ ਸੀ। ਅਗਲੀ ਜਾਂਚ ਵਿਸਥਾਰ ਨਾਲ ਕੀਤੀ ਜਾਵੇਗੀ ਤਾਂ ਪਤਾ ਲਗ ਸਕੇਗਾ ਕਿ ਅਸਲੀ ਜੀ. ਐੱਸ. ਟੀ. ਚੋਰੀ ਕਿੰਨੇ ਦੀ ਹੈ।