ਭਾਈ ਢੱਡਰੀਆਂ ਵਾਲਿਆਂ ਨੂੰ ਪੰਥ ’ਚੋੋਂ ਛੇਕਣ ਲਈ ਹੋ ਰਹੀ ਹੈ ਗਰਾਊਂਡ ਤਿਆਰ!
Thursday, Dec 19, 2019 - 11:44 PM (IST)

ਪਟਿਆਲਾ, (ਜੋਸਨ)– ਇਕ ਵਾਰ ਫਿਰ ਪੰਥਕ ਸੰਕਟ ਡੂੰਘਾ ਹੋਣ ਦੇ ਆਸਾਰ ਬਣ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਨਾਂ ’ਤੇ ਬਣਾਈ ਗਈ 5 ਮੈਂਬਰੀ ਕਮੇਟੀ ਦੇ ਬਹਾਨੇ ਉੱਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੰਥ ਵਿਚੋਂ ਛੇਕਣ ਦੀ ਗਰਾਊਂਡ ਤਿਆਰ ਹੋ ਰਹੀ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਵੱਲੋਂ ਪਾਏ ਵੱਡੇ ਪ੍ਰੈੱਸ਼ਰ ਦੇ ਬਾਵਜੂਦ ਵੀ ਰਾਜਨੀਤੀ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਕ ਧਾਰਮਕ ਗ੍ਰੰਥ ‘ਸੂਰਜ ਪ੍ਰਕਾਸ਼’ ਸਬੰਧੀ ਦਮਦਮੀ ਟਕਸਾਲ ਅਤੇ ਸੰਤ ਢੱਡਰੀਆਂ ਵਾਲਿਆਂ ਵਿਚਕਾਰ ਚੱਲ ਰਹੇ ਵਿਵਾਦ ਦੇ ਹੱਲ ਲਈ ਇਸ ਕਮੇਟੀ ਦੀ ਪਲੇਠੀ ਮੀਟਿੰਗ 22 ਦਸੰਬਰ ਨੂੰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਰੱਖੀ ਗਈ ਸੀ। ਬਾਕਾਇਦਾ ਤੌਰ ’ਤੇ ਇਸ ਕਮੇਟੀ ਨੇ ਰਣਜੀਤ ਸਿੰਘ ਨੂੰ ਪੱਤਰ ਭੇਜਿਆ ਸੀ। ਕਮੇਟੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਪਰਮਵੀਰ ਸਿੰਘ, ਗੁਰਮਤ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਪ੍ਰਭਜੋਤ ਕੌਰ, ਭਾਈ ਕਾਹਨ ਸਿੰਘ ਨਾਭਾ ਇੰਸਟੀਚਿਊਟ ਆਫ ਮੈਨੇਜਮੈਂਟ ਅਤੇ ਹਿਊਮਨ ਰਿਸੋਰਸਜ਼ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਦੇ ਡਾਇਰੈਕਟਰ ਗੁਰਮੀਤ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਅਮਰਜੀਤ ਸਿੰਘ ਅਤੇ ਖਾਲਸਾ ਕਾਲਜੀਏਟ ਸਕੂਲ ਅੰਮ੍ਰਿਤਸਰ ਦੇ ਪ੍ਰਿੰਸੀਪਲ ਇੰਦਰਜੀਤ ਸਿੰਘ ਗੋਗੋਆਣੀ ਸ਼ਾਮਲ ਹਨ। ਕਮੇਟੀ ਦਾ ਕੋਆਰਡੀਨੇਟਰ ‘ਪੰਥ ਰਤਨ’ ਜਥੇਦਾਰ ਗੁਰਚਰਨ ਸਿੰਘ ਟੌਹਡ਼ਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਦੇ ਡਾ. ਚਮਕੌਰ ਸਿੰਘ ਨੂੰ ਬਣਾਇਆ ਗਿਆ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਕਮੇਟੀ ਦੇ ਕੁਝ ਮੈਂਬਰਾਂ ਨੇ ਪਹਿਲਾਂ ਵੀ ਕਈ ਮਾਮਿਲਆਂ ਵਿਚ ਕੁਝ ਲੇਖਕਾਂ ਨੂੰ ਦਮਦਮੀ ਟਕਸਾਲ ਦੇ ਪੈਰੀਂ ਪੈਣ ਲਈ ਮਜਬੂਰ ਕੀਤਾ ਸੀ। ਸੰਤ ਰਣਜੀਤ ਸਿੰਘ ਨੇ ਕਿਹਾ ਕਿ ਇਸ ਕਮੇਟੀ ਦੀ ਆਡ਼ ਵਿਚ ਮੈਨੂੰ ਜ਼ਲੀਲ ਕਰਨਾ ਚਾਹੁੰਦੇ ਹਨ ਪਰ ਮੈਂ ਨਹੀਂ ਹੋ ਸਕਦਾ। ਭਾਈ ਰਣਜੀਤ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਈ ਸਵਾਲ ਖਡ਼੍ਹੇ ਕੀਤੇ ਹਨ। ਉਨ੍ਹਾਂ ਕਿਹਾ ਹੈ ਕਿ ਸਾਰੇ ਪ੍ਰਚਾਰਕਾਂ ’ਤੇ ਪ੍ਰਚਾਰ ਕਰਨ ਤੋਂ ਰੋਕ ਲਾ ਦੇਣੀ ਚਾਹੀਦੀ ਹੈ ਅਤੇ ਗਿਆਨੀ ਜੀ ਖੁਦ ਰੋਜ਼ਾਨਾ 2 ਘੰਟੇ ਪ੍ਰਚਾਰ ਕਰਨ।