ਰਾਜਾਸਾਂਸੀ ਨੇੜੇ ਬਰਾਮਦ ਹੋਏ ਹੈਂਡ ਗ੍ਰਨੇਡ ਮਾਮਲੇ 'ਚ ਪੁਲਸ ਦਾ ਵੱਡਾ ਖੁਲਾਸਾ (ਵੀਡੀਓ)
Monday, Jun 03, 2019 - 06:34 PM (IST)
ਅੰਮ੍ਰਿਤਸਰ (ਸੁਮਿਤ, ਸੰਜੀਵ) : ਐਤਵਾਰ ਸਵੇਰੇ ਅੰਮ੍ਰਿਤਸਰ-ਰਾਜਾਸਾਂਸੀ ਰੋਡ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋਂ ਸੁੱਟੇ ਗਏ ਬੈਗ 'ਚੋਂ ਦੋ ਗ੍ਰਨੇਡ ਬਰਾਮਦ ਹੋਣ ਦੇ ਮਾਮਲੇ 'ਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਜ਼ਿਲਾ ਪੁਲਸ ਮੁਖੀ ਵਿਕਰਮਜੀਤ ਦੁੱਗਲ ਮੁਤਾਬਕ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਾਕਿਸਤਾਨ 'ਚ ਬੈਠਾ ਗਰਮਖਿਆਲੀ ਹਰਪ੍ਰੀਤ ਸਿੰਘ ਉਰਫ ਹੈੱਪੀ ਪੀ. ਐੱਚ. ਡੀ. ਘੱਲੂਘਾਰਾ ਹਫਤੇ ਦੇ 35 ਸਾਲ ਪੂਰੇ ਹੋਣ ਦੇ ਚੱਲਦੇ ਪੰਜਾਬ ਵਿਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹੈ ਅਤੇ ਇਨ੍ਹਾਂ ਬਰਾਮਦ ਹੋਏ ਗ੍ਰਨੇਡ ਮਾਮਲੇ ਵਿਚ ਵੀ ਹੈੱਪੀ ਦਾ ਹੱਥ ਹੈ। ਹੈੱਪੀ ਪੀ. ਐੱਚ. ਡੀ. ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਭੜਕਾ ਕੇ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਦੇ ਕੰਮ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਦਾ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨਾ ਅਤੇ ਘੱਲੂਘਾਰੇ ਦੇ ਦਿਹਾੜੇ 'ਤੇ ਕਿਸੇ ਵੱਡੀ ਘਟਨਾ ਅੰਜਾਮ ਦੇਣਾ ਹੈ।
ਪੁਲਸ ਮੁਤਾਬਕ ਘੱਲੂਘਾਰੇ ਦੇ 35 ਸਾਲ ਪੂਰੇ ਹੋਣ ਦੇ ਚੱਲਦੇ ਵਿਦੇਸ਼ਾਂ 'ਚ ਬੈਠੇ ਗਰਮਖਿਆਲੀ ਪੰਜਾਬ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹਨ ਤਾਂ ਜੋ ਪੰਜਾਬ ਦੇ ਮਾਹੌਲ ਖਰਾਬ ਕਰਕੇ ਮੁੜ ਖਾੜਕੂਵਾਦ ਪੈਦਾ ਕੀਤਾ ਜਾ ਸਕੇ। ਪੁਲਸ ਮੁਤਾਬਕ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ 'ਤੇ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਪੁਲਸ ਦਾ ਕਹਿਣਾ ਹੈ ਕਿ ਨਾਕੇ ਦੌਰਾਨ ਹੈਂਡ ਗ੍ਰਨੇਡ ਸੁੱਟ ਕੇ ਫਰਾਰ ਹੋਏ ਨੌਜਵਾਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।