ਪਵਿੱਤਰ ਸਰੋਵਰ ''ਚੋਂ ਮਿਲੇ ਗ੍ਰੇਨੇਡ ਨੂੰ ਸਖਤ ਸੁਰੱਖਿਆ ਹੇਠ ਕੀਤਾ ਗਿਆ ਨਸ਼ਟ
Thursday, Aug 10, 2017 - 08:58 PM (IST)
ਤਲਵੰਡੀ ਸਾਬੋ (ਮੁਨੀਸ਼)— ਪ੍ਰਸਿੱਧ ਧਾਰਮਿਕ ਸੰਸਥਾ ਗੁਰਦੁਆਰਾ ਬੁੰਗਾ ਮਸਤੂਆਣਾ ਦੇ ਪ੍ਰਬੰਧ ਹੇਠਲੇ ਗੁ:ਮੰਜੀ ਸਾਹਿਬ ਤਲਵੰਡੀ ਸਾਬੋ ਦੇ ਪੁਰਾਤਨ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੌਰਾਨ ਮਿਲੇ ਹੈਂਡ ਗ੍ਰੇਨੇਡ ਨੂੰ ਵੀਰਵਾਰ ਨੂੰ ਫੌਜ ਦੇ ਬੰਬ ਨਿਰੋਧਕ ਦਸਤੇ ਵੱਲੋਂ ਸ਼ਾਮ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਉਕਤ ਹੈਡ ਗ੍ਰੇਨੇਡ ਥਾਣਾ ਤਲਵੰਡੀ ਸਾਬੋ ਦੇ ਬਿਲਕੁਲ ਸਾਹਮਣੇ ਅਨਾਜ ਮੰਡੀ 'ਚ ਪੁਲਸ ਨੇ ਆਪਣੀ ਅਗਵਾਈ 'ਚ ਰੱਖਿਆ ਹੋਇਆ ਸੀ।
ਵੀਰਵਾਰ ਸ਼ਾਮ ਨੂੰ ਬਠਿੰਡਾ ਕੈਰ ਤੋਂ ਮੇਜਰ ਪ੍ਰਣ ਦਬਕੇ ਅਤੇ ਨਾਇਕ ਸੂਬੇਦਾਰ ਨੋਕਾਰਾਜ 10 ਇੰਜੀਨੀਅਰਾਂ ਦੇ ਦਸਤੇ ਵੱਲੋ ਇਸ ਗ੍ਰਨੇਡ ਨੂੰ ਜ਼ਮੀਨ ਦੇ ਥੱਲੇ ਗਹਿਰੇ ਖੱਡੇ ਪੁੱਟ ਕੇ ਨਸ਼ਟ ਕੀਤਾ ਗਿਆ ਪਰ ਫਿਰ ਵੀ ਇਸ ਗ੍ਰਨੇਡ ਦਾ ਧਮਾਕਾ ਬਹੁਤ ਜ਼ਬਰਦਸਤ ਸੀ। ਹੈਂਡ ਗ੍ਰੇਨੇਡ ਨੂੰ ਨਸ਼ਟ ਕਰਨ ਸਮੇਂ ਪੰਜਾਬ ਪੁਲਸ ਅਤੇ ਆਮ ਲੋਕਾਂ ਨੂੰ ਕਾਫੀ ਦੂਰ ਰੱਖਿਆ ਗਿਆ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ। ਬਰਿੰਦਰ ਸਿੰਘ ਡੀ.ਐਸ.ਪੀ. ਅਤੇ ਮਨੋਜ ਸ਼ਰਮਾ ਥਾਣਾ ਮੁਖੀ ਤਲਵੰਡੀ ਸਾਬੋ ਨੇ ਦੱਸਿਆਂ ਕਿ ਫੋਜ ਦੀ ਅਗਵਾਈ ਵਾਲੇ ਦਸਤੇ ਵੱਲੋਂ ਗ੍ਰਨੇਡ ਨੂੰ ਨਸ਼ਟ ਕੀਤਾ ਗਿਆ ਹੈ।
ਦੱਸਣਾਯੋਗ ਹੈ ਕਿ 26 ਜੁਲਾਈ ਨੂੰ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੌਰਾਨ ਸੰਗਤਾਂ ਨੂੰ ਸਰੋਵਰ ਦੀ ਗਾਰ ਕੱਢਣ ਦੌਰਾਨ ਉਕਤ ਹੈਂਡ ਗ੍ਰੇਨੇਡ ਮਿਲਿਆ ਸੀ। ਉਸ ਸਮੇਂ ਤੋਂ ਹੀ ਪੁਲਸ ਨੇ ਹੈਡ ਗ੍ਰਨੇਡ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਨੇ ਉਕਤ ਗ੍ਰੇਨੇਡ ਨੂੰ ਅਨਾਜ ਮੰਡੀ 'ਚ ਰੱਖ ਕੇ ਉਸ ਤੇ ਇਕ ਪੁਲਸ ਜਵਾਨ ਦੀ ਜਿਗਰਾਨੀ ਲਈ ਡਿਊਟੀ ਵੀ ਲਗਾਈ ਹੋਈ ਸੀ।
