ਸਿਹਤਮੰਦ ਵਾਤਾਵਰਨ ਦਾ ਸੱਦਾ ਦਿੰਦਾ 'ਗਰੀਨ ਪੋਲਿੰਗ ਬੂਥ', ਜਿੱਥੇ ਵੋਟ ਪਾਉਣ ਵਾਲਿਆਂ ਨੂੰ ਵੰਡੇ ਜਾਣਗੇ ਬੂਟੇ
Saturday, Jun 01, 2024 - 04:14 AM (IST)
ਕਪੂਰਥਲਾ (ਮਹਾਜਨ)- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰੱਖਤਾਂ ਦੇ ਪੱਤਿਆਂ, ਬਾਂਸ ਦੀਆਂ ਪੱਟੀਆਂ, ਫੁੱਲਾਂ ਦੇ ਗਮਲਿਆਂ ਨਾਲ ਸਜਿਆ ਗਰੀਨ ਪੋਲਿੰਗ ਬੂਥ ਸਥਾਪਤ ਕੀਤਾ ਗਿਆ ਹੈ ਜੋ ਵੋਟਰਾਂ ਨੂੰ ਹਰਿਆਵਲ ਅਤੇ ਪਲਾਸਟਿਕ ਮੁਕਤ ਵਾਤਾਵਰਨ ਦਾ ਸੁਨੇਹਾ ਦੇਵੇਗਾ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਇਹ ਵਾਤਾਵਰਨ ਪੱਖੀ 75 ਨੰਬਰ ਪੋਲਿੰਗ ਬੂਥ ਸਥਾਨਕ ਐੱਮ.ਜੀ.ਐੱਨ. ਕਾਲਜ ਫ਼ਾਰ ਵੂਮੈਨ ਵਿਖੇ ਬਣਾਇਆ ਗਿਆ ਹੈ ਜਿੱਥੇ ਵੋਟਰਾਂ ਨੂੰ ਵੋਟ ਪਾਉਣ ਉਪਰੰਤ ਬੂਟੇ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਬੂਥ ਵੋਟਰਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਬੂਥ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਪੋਲਿੰਗ ਬੂਥ ਹੈ ਅਤੇ ਬੂਥ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਪਲਾਸਟਿਕ ਦੀ ਸਮੱਗਰੀ ਨਹੀਂ ਵਰਤੀ ਜਾ ਰਹੀ, ਜਦਕਿ ਡਿਸਪਲੇ ਬੋਰਡ ਅਤੇ ਸਜਾਵਟ ਵੀ ਵਾਤਾਵਰਨ ਪੱਖੀ ਸਮੱਗਰੀ ਨਾਲ ਕੀਤੀ ਗਈ ਹੈ।
ਅੱਤ ਦੀ ਗਰਮੀ ਦੇ ਇਸ ਮੌਸਮ ਵਿੱਚ ‘ਗਰੀਨ ਬੂਥ’ ਅੰਦਰ ਪੀਣ ਵਾਲੇ ਪਾਣੀ ਦੀ ਸਹੂਲਤ ਸਿਰਫ਼ ਮਿੱਟੀ ਤੋਂ ਬਣੇ ਗਲਾਸਾਂ ਅਤੇ ਘੜਿਆਂ ਵਿੱਚ ਉਪਲਬਧ ਹੋਵੇਗਾ। ਆਪਣੀ ਵੋਟ ਪਾਉਣ ਲਈ ਗਰੀਨ ਬੂਥ ਵਿੱਚ ਪਹੁੰਚਣ ਵਾਲੇ ਵੋਟਰਾਂ ਨੂੰ ਵੱਖ-ਵੱਖ ਕਿਸਮਾਂ ਦੇ ਬੂਟੇ ਦੇਣ ਬਾਰੇ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਦਿਵਿਯਾਂਗ, ਸੀਨੀਅਰ ਸਿਟੀਜ਼ਨਾਂ, ਨੌਜਵਾਨ, ਐੱਨ.ਆਰ.ਆਈ. ਅਤੇ ਮਹਿਲਾ ਵੋਟਰਾਂ ਨੂੰ ਇਹ ਬੂਟੇ ਪ੍ਰਦਾਨ ਕੀਤੇ ਜਾਣਗੇ ਤਾਂ ਜੋ ਵਾਤਾਵਰਨ ਨੂੰ ਸਿਹਤਮੰਦ ਬਣਾਉਣ ਵਿਚ ਭੂਮਿਕਾ ਨਿਭਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਬੂਥ ਅੰਦਰ ਨਿਰਧਾਰਿਤ ਗ੍ਰੀਨ ਪ੍ਰੋਟੋਕੋਲ ਦੀ ਪੂਰੀ ਪਾਲਣਾ ਕੀਤੀ ਜਾਵੇਗੀ ਕਿਉਂਕਿ ਵਾਤਾਵਰਨ ਪੱਖੀ ਪ੍ਰੋਟੋਕੋਲ ਅਨੁਸਾਰ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਲੋੜੀਂਦੀ ਗਿਣਤੀ ਵਿੱਚ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਨ ਪੋਲਿੰਗ ਬੂਥ ਦੇ ਪ੍ਰਵੇਸ਼ ਦੁਆਰ ਨੂੰ ਰੁੱਖਾਂ ਦੇ ਪੱਤਿਆਂ ਆਦਿ ਨਾਲ ਸਜਾਇਆ ਗਿਆ ਹੈ, ਜਿਸ ਨਾਲ ਵੋਟਰਾਂ ਨੂੰ ਵਾਤਾਵਰਨ ਪੱਖੀ ਮਾਹੌਲ ਦਾ ਅਹਿਸਾਸ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ-ਇੱਕ ਪਿੰਕ ਪੋਲਿੰਗ ਸਟੇਸ਼ਨ ਹੈ, ਜਿੱਥੇ ਵੋਟਰਾਂ ਨੂੰ ਲੋੜੀਂਦੀਆਂ ਸਹੂਲਤਾਂ ਖਾਸ ਤੌਰ 'ਤੇ ਬੈਠਣ ਵਾਲੀਆਂ ਥਾਵਾਂ, ਵੇਟਿੰਗ ਰੂਮ ਅਤੇ ਬੱਚਿਆਂ ਦੀ ਦੇਖਭਾਲ ਲਈ ਕਰੈਚ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 20 ਮਾਡਲ ਪੋਲਿੰਗ ਸਟੇਸ਼ਨਾਂ ਤੋਂ ਇਲਾਵਾ ਇੱਕ ਯੰਗ ਪੋਲਿੰਗ ਸਟੇਸ਼ਨ ਸਥਾਪਤ ਕੀਤਾ ਗਿਆ ਹੈ ਜਦਕਿ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ-ਇੱਕ ਪੋਲਿੰਗ ਸਟੇਸ਼ਨ ਦਾ ਪੂਰਾ ਪ੍ਰਬੰਧ ਦਿਵਿਯਾਂਗ ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ ।
ਇਹ ਵੀ ਪੜ੍ਹੋ- ਵੋਟਰਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਤੇ ਵੋਟਿੰਗ ਨੂੰ ਆਰਾਮਦਾਇਕ ਬਣਾਉਣ ਲਈ CEO ਦਾ ਵਿਸ਼ੇਸ਼ ਉਪਰਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e