ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ

Sunday, Jun 13, 2021 - 10:10 PM (IST)

ਮਹਾਨ ਦੌੜਾਕ ਮਿਲਖਾ ਸਿੰਘ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ

ਚੰਡੀਗੜ੍ਹ (ਲਲਨ) - ਕੋਵਿਡ-19 ਇਨਫੈਕਸ਼ਨ ਕਾਰਨ ਭਾਰਤ ਦੀ ਵਾਲੀਬਾਲ ਟੀਮ ਦੀ ਕਪਤਾਨ ਰਹੀ ਅਤੇ ਮਹਾਨ ਐਥਲੀਟ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ (85) ਦਾ ਐਤਵਾਰ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ। ਇਸ ਦੀ ਜਾਣਕਾਰੀ ਪਰਿਵਾਰ ਦੇ ਇਕ ਮੈਂਬਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਨਿਰਮਲ ਮਿਲਖਾ ਸਿੰਘ ਨੇ ਸ਼ਾਮ 4 ਵਜੇ ਆਖਰੀ ਸਾਹ ਲਿਆ। ਦੇਰ ਸ਼ਾਮ ਕੋਰੋਨਾ ਪ੍ਰੋਟੋਕਾਲ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਨਿਰਮਲ ਮਿਲਖਾ ਸਿੰਘ ਪੰਜਾਬ ਦੇ ਸਪੋਟਰਸ ਡਾਇਰੈਕਟਰ ਦੇ ਅਹੁਦੇ ’ਤੇ ਵੀ ਕੰਮ ਕਰ ਚੁੱਕੀ ਹਨ। ਉਨ੍ਹਾਂ ਨੇ ਡਾਇਰੈਕਟਰ ਦੇ ਅਹੁਦੇ ’ਤੇ ਰਹਿੰਦਿਆਂ ਮਹਿਲਾ ਖਿਡਾਰਨਾਂ ਲਈ ਕਈ ਮਹੱਤਵਪੂਰਨ ਕਾਰਜ ਕੀਤੇ। ਉਨ੍ਹਾਂ ਇੰਡੀਆ ਵੱਲੋਂ ਏਸ਼ੀਅਨ ਗੇਮਾਂ ਖੇਡੀਆਂ ਸਨ।

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ਬੋਲੇ ਟਾਮ ਲਾਥਮ, WTC ਫਾਈਨਲ ਵੱਡੀ ਚੁਣੌਤੀ ਹੋਵੇਗੀ


26 ਮਈ ਨੂੰ ਖ਼ਰਾਬ ਹੋਈ ਸੀ ਹਾਲਤ
ਨਿਰਮਲ ਮਿਲਖਾ ਸਿੰਘ ਦਾ ਆਕਸੀਜਨ ਲੈਵਲ ਲਗਾਤਾਰ ਘੱਟ ਹੋਣ ਕਾਰਨ ਪਰਿਵਾਰ ਨੇ ਉਨ੍ਹਾਂ ਨੂੰ 26 ਮਈ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਸੀ। ਇੱਥੇ 30 ਮਈ ਨੂੰ ਉਨ੍ਹਾਂ ਦੀ ਤਬੀਅਤ ਜ਼ਿਆਦਾ ਵਿਗੜਨ ਕਾਰਨ ਉਨ੍ਹਾਂ ਨੂੰ ਨਾਰਮਲ ਵਾਰਡ ਤੋਂ ਆਈ. ਸੀ. ਯੂ. ਵਿਚ ਸ਼ਿਫਟ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਮੈਡੀਕਲ ਆਕਸੀਜਨ ਦੀ ਜ਼ਰੂਰਤ ਲਗਾਤਾਰ ਵਧਦੀ ਜਾ ਰਹੀ ਸੀ। ਡਾਕਟਰਾਂ ਦੇ ਸਾਰੇ ਯਤਨਾਂ ਦੇ ਬਾਵਜੂਦ ਨਿਰਮਲ ਕੌਰ ਰਿਕਵਰ ਨਹੀਂ ਕਰ ਸਕੀ।
ਧਿਆਨਯੋਗ ਹੈ ਕਿ ਪਦਮਸ਼੍ਰੀ ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ 17 ਮਈ ਨੂੰ ਪਾਜ਼ੇਟਿਵ ਆਈ ਸੀ। ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੂਰੇ ਪਰਿਵਾਰ ਨੇ ਕੋਵਿਡ ਟੈਸਟ ਕਰਵਾਇਆ ਸੀ, ਜਿਸ ਵਿਚ ਉਨ੍ਹਾਂ ਦੇ ਦੋ ਘਰੇਲੂ ਸਹਾਇਕ ਵੀ ਪਾਜ਼ੇਟਿਵ ਪਾਏ ਗਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਨਿਰਮਲ ਕੌਰ, ਨੂੰਹ ਕੁਦਰਤ ਅਤੇ ਪੋਤਰੇ ਹਰਜੈ ਮਿਲਖਾ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਸੀ ਪਰ ਠੀਕ ਇਕ ਹਫ਼ਤੇ ਬਾਅਦ ਨਿਰਮਲ ਕੌਰ ਦੀ ਤਬੀਅਤ ਵਿਗੜਨ ਲੱਗੀ ਅਤੇ ਜਦੋਂ ਉਨ੍ਹਾਂ ਨੇ ਆਪਣਾ ਕੋਰੋਨਾ ਟੈਸਟ ਦੁਬਾਰਾ ਕਰਵਾਇਆ ਤਾਂ ਉਹ ਕੋਰੋਨਾ ਪਾਜ਼ੇਟਿਵ ਨਿਕਲੀ। ਉਦੋਂ ਤੋਂ ਉਨ੍ਹਾਂ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਚੱਲ ਰਿਹਾ ਸੀ।

ਇਹ ਖ਼ਬਰ ਪੜ੍ਹੋ-  ENG v NZ : ਨਿਊਜ਼ੀਲੈਂਡ ਨੇ 8 ਵਿਕਟਾਂ ਨਾਲ ਜਿੱਤਿਆ ਮੈਚ, ਇੰਗਲੈਂਡ 'ਚ 22 ਸਾਲ ਬਾਅਦ ਜਿੱਤੀ ਸੀਰੀਜ਼


ਅੰਤਿਮ ਸੰਸਕਾਰ ’ਚ ਨਹੀ ਸ਼ਾਮਿਲ ਹੋ ਸਕੇ ਮਿਲਖਾ ਸਿੰਘ
ਮਿਲਖਾ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਹਿਲਾਂ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਪਰਿਵਾਰ ਦੇ ਕਹਿਣ ’ਤੇ ਮਿਲਖਾ ਸਿੰਘ 2 ਜੂਨ ਨੂੰ ਘਰ ਆ ਗਏ। 3 ਜੂਨ ਨੂੰ ਅਚਾਨਕ ਸਿਹਤ ਖ਼ਰਾਬ ਹੋਣ ਤੋਂ ਬਾਅਦ ਮਿਲਖਾ ਸਿੰਘ ਨੂੰ ਪੀ. ਜੀ. ਆਈ. ਵਿਚ ਦਾਖਲ ਕਰਵਾਇਆ ਗਿਆ। ਮਿਲਖਾ ਸਿੰਘ ਦਾ ਇਲਾਜ ਪੀ. ਜੀ. ਆਈ. ਵਿਚ ਚੱਲ ਰਿਹਾ ਹੈ। ਇਸ ਕਾਰਨ ਉਹ ਪਤਨੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਨਹੀਂ ਹੋ ਸਕੇ।
ਖੇਡ ਦੀ ਸਫ਼ਲਤਾ ਨੂੰ ਬਣਾਇਆ ਜੀਵਨ ਦਾ ਆਧਾਰ
ਕੋਲੰਬੋ ਵਿਚ 1955 ’ਚ ਹੋਈਆਂ ਏਸ਼ੀਅਨ ਗੇਮਾਂ ਦੌਰਾਨ ਹੋਈ ਪਾਰਟੀ ਵਿਚ ਮਿਲਖਾ ਸਿੰਘ ਦੀ ਮੁਲਾਕਾਤ ਨਿਰਮਲ ਕੌਰ ਨਾਲ ਹੋਈ ਸੀ। ਰੋਮ ਓਲੰਪਿਕ ਤੋਂ ਬਾਅਦ ਦੋਵਾਂ ਨੇ 1962 ਵਿਚ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦਾ ਪੁੱਤਰ ਜੀਵ ਮਿਲਖਾ ਸਿੰਘ ਗੋਲਫ ਵਿਚ ਭਾਰਤ ਦੀ ਤਰਜਮਾਨੀ ਕਰਦਾ ਹੈ ਅਤੇ ਬੇਟੀ ਅਮਰੀਕਾ ਵਿਚ ਡਾਕਟਰ ਹੈ। ਨਿਰਮਲ ਮਿਲਖਾ ਸਿੰਘ ਖੇਡ ਜਗਤ ਦੀ ਇਕ ਜਾਣੀ-ਪਛਾਣੀ ਸ਼ਖਸੀਅਤ ਸੀ। ਖੇਡ ਜਗਤ ਵਿਚ ਉਨ੍ਹਾਂ ਦੀਆਂ ਉਪਲੱਬਧੀਆਂ ਅਤੇ ਉਨ੍ਹਾਂ ਦੇ ਵੱਡੇ ਲੋਕ-ਭਲਾਈ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦੀਆਂ ਇਹੀ ਉਪਲੱਬਧੀਆਂ ਦੂਸਰਿਆਂ ਲਈ ਇਕ ਪ੍ਰੇਰਣਾ ਹਨ। ਪਰਿਵਾਰ ਲਈ ਇਹ ਮੁਸ਼ਕਲ ਵਕਤ ਹੈ। ਪਰਿਵਾਰ ਦੇ ਨਾਲ ਸਾਡੀ ਡੂੰਘੀ ਹਮਦਰਦੀ ਹੈ ਅਤੇ ਸਵਰਗਵਾਸੀ ਆਤਮਾ ਨੂੰ ਸਵਰਗ ਵਿਚ ਜਗ੍ਹਾ ਮਿਲੇ, ਰੱਬ ਅੱਗੇ ਅਰਦਾਸ ਕਰਦੇ ਹਾਂ।

 

 

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News