ਜ਼ਾਲਮ ਨਾਨੀ ਦੇ ਤਸ਼ੱਦਦ ਦੀ ਇੰਤਹਾ, ਨੰਗੇ ਸਰੀਰ ਸੰਗਲ ਨਾਲ ਬੰਨ੍ਹ ਜਾਨਵਰਾਂ ਵਾਂਗ ਕੁੱਟਿਆ ਮਾਸੂਮ ਦੋਹਤਾ
Thursday, Jul 30, 2020 - 10:52 AM (IST)
ਲੁਧਿਆਣਾ (ਰਾਜ) : ਸਥਾਨਕ ਨੀਚੀ ਮੰਗਲੀ ਇਲਾਕੇ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਜ਼ਾਲਮ ਨਾਨੀ ਨੇ ਆਪਣੇ ਮਾਸੂਮ ਦੋਹਤੇ 'ਤੇ ਤਸ਼ੱਦਦ ਦੀ ਇੰਤਹਾ ਕਰਦੇ ਹੋਏ ਉਸ ਨੂੰ ਸੰਗਲ ਨਾਲ ਬੰਨ੍ਹ ਕੇ ਨੰਗੇ ਸਰੀਰ ਜਾਨਵਰਾਂ ਵਾਂਗ ਕੁੱਟਿਆ। ਨਾਨੀ ਬੱਚੇ ਨੂੰ ਬੇਰਹਿਮੀ ਨਾਲ ਕੁੱਟਦੀ ਰਹੀ ਅਤੇ ਕਈ ਲੋਕ ਆਲੇ-ਦੁਆਲੇ ਖੜ੍ਹੇ ਦੇਖਦੇ ਰਹੇ ਪਰ ਇਕ ਜਨਾਨੀ ਨੇ ਬੱਚੇ ਦੀ ਜਾਨ ਬਚਾਈ। ਉਸ ਨੇ ਬੱਚੇ ਨੂੰ ਮੁਕਤ ਕਰਵਾਇਆ। ਫਿਰ ਉਸ ਨੂੰ ਇਲਾਜ ਲਈ ਈ. ਐੱਸ. ਆਈ. ਹਸਪਤਾਲ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਤੋਂ ਬਾਅਦ ਹੁਣ 'ਪਟਿਆਲਾ' 'ਚ ਲਾਸ਼ਾਂ ਦੀ ਅਦਲਾ-ਬਦਲੀ, ਮਚੀ ਹਫੜਾ-ਦਫੜੀ
ਜਨਾਨੀ ਨੇ ਥਾਣਾ ਫੋਕਲ ਪੁਆਇੰਟ ਤਹਿਤ ਚੌਂਕੀ ਈਸ਼ਵਰ ਨਗਰ ਦੀ ਪੁਲਸ ਨੂੰ ਸੂਚਨਾ ਦਿੱਤੀ ਪਰ ਪੁਲਸ ਦੇ ਆਉਣ ਤੋਂ ਪਹਿਲਾਂ ਮੁਲਜ਼ਮ ਨਾਨੀ ਆਪਣੀ 6 ਸਾਲ ਦੀ ਦੋਹਤੀ ਨੂੰ ਲੈ ਕੇ ਫ਼ਰਾਰ ਹੋ ਚੁੱਕੀ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਚੈਰੀਟੇਬਲ ਟਰੱਸਟ ਚਲਾ ਰਹੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਹ ਨੀਚੀ ਮੰਗਲੀ ਰਹਿੰਦੀ ਹੈ। ਉੱਥੇ ਪ੍ਰੀਮੀਅਰ ਐਨਕਲੇਵ ਕਾਲੋਨੀ ਹੈ, ਜਿੱਥੇ ਇਕ ਝੁੱਗੀ ’ਚ ਇਕ ਜਨਾਨੀ ਅਤੇ ਉਸ ਦਾ 8 ਸਾਲ ਦਾ ਦੋਹਤਾ ਅਤੇ 6 ਸਾਲ ਦੀ ਦੋਹਤੀ ਰਹਿੰਦੇ ਹਨ। ਉਸ ਨੂੰ ਦੁਪਹਿਰ ਨੂੰ ਪਤਾ ਲੱਗਾ ਕਿ ਉਕਤ ਜਨਾਨੀ ਆਪਣੇ ਮਾਸੂਮ ਦੋਹਤੇ ਤੋਂ ਜ਼ਬਰਨ ਖੇਤਾਂ ’ਚ ਕੰਮ ਕਰਵਾਉਂਦੀ ਹੈ ਅਤੇ ਉਸ ਨੂੰ ਬੰਦੀ ਬਣਾ ਕੇ ਕੁੱਟ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਅਸਲਾ' ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਉਹ ਤੁਰੰਤ ਮੌਕੇ ’ਤੇ ਪੁੱਜੀ ਅਤੇ ਉਸ ਨੇ ਦੇਖਿਆ ਕਿ ਬੱਚੇ ਦੇ ਹੱਥ-ਪੈਰ ਸੰਗਲ ਨਾਲ ਬੰਨ੍ਹੇ ਹੋਏ ਸਨ ਅਤੇ ਜਨਾਨੀ ਲੋਹੇ ਦੀ ਰਾਡ ਨਾਲ ਨੰਗੇ ਸਰੀਰ ਹੀ ਬੱਚੇ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਸੀ। ਉਸ ਨੇ ਰੋਕਿਆ ਤਾਂ ਜਨਾਨੀ ਉਸ ਦੇ ਨਾਲ ਬਹਿਸਣ ਲੱਗੀ। ਜਦੋਂ ਉਸ ਨੇ ਪੁਲਸ ਬੁਲਾਉਣ ਦੀ ਗੱਲ ਕਹੀ ਤਾਂ ਜਨਾਨੀ ਪਾਸੇ ਹੋ ਗਈ। ਇਸ ਤੋਂ ਬਾਅਦ ਉਸ ਨੇ ਸੰਗਲ ਨਾਲ ਬੰਨ੍ਹਿਆ ਤਾਲਾ ਖੋਲ੍ਹਣ ਲਈ ਜਨਾਨੀ ਤੋਂ ਚਾਬੀ ਮੰਗੀ ਪਰ ਉਸ ਨੇ ਨਹੀਂ ਦਿੱਤੀ। ਇਸ ਲਈ ਉਨ੍ਹਾਂ ਨੇ ਦਰੱਖਤ ਨੂੰ ਹੀ ਵੱਢ ਦਿੱਤਾ ਅਤੇ ਬੱਚੇ ਨੂੰ ਮੁਕਤ ਕਰਵਾਇਆ। ਬੱਚੇ ਦੇ ਮੂੰਹ ’ਚੋਂ ਖੂਨ ਨਿਕਲ ਰਿਹਾ ਸੀ। ਉਸ ਦੇ ਹੱਥਾਂ-ਪੈਰਾਂ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ। ਉਸ ਨੇ ਤੁਰੰਤ ਐਂਬੂਲੈਂਸ ਨੂੰ ਕਾਲ ਕੀਤੀ ਅਤੇ ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ : ਪੰਜਾਬ ਦੇ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਕੀਤਾ ਗਿਆ ਜ਼ਬਰੀ ਸੇਵਾਮੁਕਤ, ਜਾਣੋ ਕਾਰਨ
ਹੱਥ ਦੇ ਦੋਵੇਂ ਗੁੱਟ ਅਤੇ ਸਿਰ ’ਤੇ ਤਿੰਨ ਡੂੰਘੇ ਜ਼ਖਮ, ਪੈਰ ਦੀ ਹੱਡੀ ਵੀ ਫਰੈਕਚਰ
ਬਲਵਿੰਦਰ ਕੌਰ ਨੇ ਦੱਸਿਆ ਕਿ ਹਸਪਤਾਲ ’ਚ ਇਲਾਜ ਦੌਰਾਨ ਉਸ ਨੂੰ ਪਤਾ ਲੱਗਾ ਕਿ ਬੱਚੇ ਦੀ ਹਾਲਤ ਬਹੁਤ ਖਰਾਬ ਹੈ। ਉਸ ਨੂੰ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ ਹੈ। ਐਕਸ-ਰੇ ਤੋਂ ਪਤਾ ਲੱਗਾ ਕਿ ਉਸ ਦੇ ਹੱਥਾਂ ਦੇ ਦੋਵੇਂ ਗੁੱਟ ਟੁੱਟ ਚੁੱਕੇ ਹਨ। ਬੱਚੇ ਦੇ ਸਿਰ ’ਤੇ ਤਿੰਨ ਡੂੰਘੇ ਜ਼ਖਮ ਹਨ, ਜੋ ਕਿ ਲੋਹੇ ਦੀ ਰਾਡ ਵੱਜਣ ਕਾਰਨ ਹੋਏ। ਇਸ ਤੋਂ ਇਲਾਵਾ ਬੱਚੇ ਦੀ ਇਕ ਪੈਰ ਦੀ ਹੱਡੀ ਵੀ ਫਰੈਕਚਰ ਹੋ ਚੁੱਕੀ ਹੈ।
ਲੋਕਾਂ ਦਾ ਕਹਿਣਾ, ਜਨਾਨੀ ਪਹਿਲਾਂ ਵੀ ਕਰਦੀ ਸੀ ਕੁੱਟਮਾਰ
ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੁਲਜ਼ਮ ਜਨਾਨੀ ਨੇ ਪਹਿਲੀ ਵਾਰ ਇਹ ਸਭ ਨਹੀਂ ਕੀਤਾ, ਸਗੋਂ ਪਹਿਲਾਂ ਵੀ ਉਹ ਬੱਚੇ ਨਾਲ ਕੁੱਟਮਾਰ ਕਰ ਚੁੱਕੀ ਹੈ। ਉਹ ਆਪਣੀ 6 ਸਾਲ ਦੀ ਦੋਹਤੀ ਨਾਲ ਵੀ ਕੁੱਟਮਾਰ ਕਰਦੀ ਸੀ, ਜਿਸ ਨੂੰ ਉਹ ਆਪਣੇ ਨਾਲ ਲੈ ਕੇ ਫ਼ਰਾਰ ਹੋ ਚੁੱਕੀ ਹੈ। ਫਿਲਹਾਲ ਥਾਣਾ ਫੋਕਲ ਪੁਆਇੰਟ ਦੇ ਐੱਸ. ਐੱਚ. ਓ. ਮੁਹੰਮਦ ਜਮੀਲ ਦਾ ਕਹਿਣਾ ਹੈ ਕਿ ਬੱਚਾ ਹਸਪਤਾਲ 'ਚ ਦਾਖ਼ਲ ਹੈ ਅਤੇ ਇਸ ਕੇਸ 'ਚ ਅਜੇ ਕਿਸੇ ਨੇ ਬਿਆਨ ਨਹੀਂ ਦਿੱਤੇ। ਉਨ੍ਹਾਂ ਦੱਸਿਆ ਕਿ ਜਿਸ ਜਨਾਨੀ ਨੇ ਬੱਚੇ ਨੂੰ ਬਚਾਇਆ, ਉਸ ਨੂੰ ਹੀ ਬਿਆਨ ਦੇਣ ਲਈ ਕਿਹਾ ਗਿਆ ਹੈ ਅਤੇ ਉਸ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।