ਮਕਾਨ ਖਾਲੀ ਕਰਵਾਉਣ ਗਈ ਗਮਾਡਾ ਦੀ ਟੀਮ ਬੇਰੰਗ ਪਰਤੀ
Sunday, Jun 25, 2017 - 12:44 PM (IST)

ਮੋਹਾਲੀ - ਫੇਜ਼-11 ਦੇ ਐੱਲ. ਆਈ. ਜੀ. ਮਕਾਨਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਬੈਠੇ ਹੋਏ ਗੈਰ ਦੰਗਾ ਪੀੜਤਾਂ ਨੂੰ ਨੋਟਿਸ ਦਿੱਤੇ ਜਾਣ ਦੇ 48 ਘੰਟੇ ਪੂਰੇ ਹੋਣ ਤੋਂ ਬਾਅਦ ਮਕਾਨ ਖਾਲੀ ਕਰਵਾਉਣ ਗਈ ਗਮਾਡਾ ਦੀ ਇਨਫੋਰਸਮੈਂਟ ਵਿੰਗ ਦੀ ਟੀਮ ਨੂੰ ਲੋਕਾਂ, ਅਕਾਲੀ ਦਲ ਤੇ ਕਾਂਗਰਸੀ ਆਗੂਆਂ ਦੇ ਵਿਰੋਧ ਕਾਰਨ ਖਾਲੀ ਹੱਥ ਪਰਤਣਾ ਪਿਆ।
ਗੈਰ ਦੰਗਾ ਪੀੜਤਾਂ ਤੋਂ ਉਕਤ 42 ਮਕਾਨਾਂ ਦੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਅੱਜ ਗਮਾਡਾ ਦੇ ਇਨਫੋਰਸਮੈਂਟ ਵਿੰਗ ਦੇ ਈ. ਓ. ਮਹੇਸ਼ ਕੁਮਾਰ ਬਾਂਸਲ, ਡੀ. ਐੱਸ. ਪੀ. ਸਿਟੀ-2 ਰਮਨਦੀਪ ਸਿੰਘ ਤੇ ਐੱਸ. ਐੱਚ. ਓ. ਫੇਜ਼-11 ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ, ਜਿਵੇਂ ਹੀ ਲੋਕਾਂ ਨੂੰ ਮਕਾਨ ਖਾਲੀ ਕਰਵਾਏ ਜਾਣ ਦੀ ਭਿਣਕ ਲੱਗੀ ਤਾਂ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਜਸਬੀਰ ਸਿੰਘ ਮਾਣਕੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਬੀਬੀ ਕਸ਼ਮੀਰ ਕੌਰ ਆਦਿ ਆਗੂਆਂ ਨੇ ਗਮਾਡਾ ਟੀਮ ਦਾ ਵਿਰੋਧ ਕੀਤਾ ਤੇ ਕਿਸੇ ਵੀ ਹਾਲਤ 'ਚ ਮਕਾਨ ਖਾਲੀ ਨਾ ਕਰਵਾਉਣ ਦੀ ਗੱਲ ਕਹੀ। ਦੋਵਾਂ ਪੱਖਾਂ ਦੇ ਆਗੂਆਂ ਨੇ ਵੱਖ-ਵੱਖ ਗਰੁੱਪਾਂ 'ਚ ਗਮਾਡਾ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਇਸੇ ਦੌਰਾਨ ਰਿਸ਼ਵ ਜੈਨ, ਜਸਬੀਰ ਸਿੰਘ ਮਣਕੂ ਅਤੇ ਹੋਰ ਕਈ ਲੋਕਾਂ ਨੂੰ ਪੁਲਸ ਥਾਣੇ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਮੀਟਿੰਗ ਗਮਾਡਾ ਅਧਿਕਾਰੀਆਂ ਨਾਲ ਕਰਵਾਈ ਗਈ। ਮੀਟਿੰਗ ਉਪਰੰਤ ਇਸ ਗੱਲ 'ਤੇ ਸਹਿਮਤੀ ਹੋਈ ਕਿ ਗਮਾਡਾ ਵਲੋਂ ਲੋਕਾਂ ਨੂੰ ਕੁਝ ਸਮਾਂ ਹੋਰ ਦਿੱਤਾ ਜਾਣਾ ਚਾਹੀਦਾ ਹੈ।
ਰਿਸ਼ਵ ਜੈਨ ਨੇ ਮਕਾਨ ਖਾਲੀ ਕਰਵਾਏ ਜਾਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਨ੍ਹਾਂ 'ਚੋਂ ਜਿਨ੍ਹਾਂ ਲੋਕਾਂ ਦੇ ਦੰਗਾ ਪੀੜਤ ਕਾਰਡ ਬਣਾਉਣ 'ਚ ਕੋਈ ਸਬੂਤਾਂ ਦੀ ਕਮੀ ਹੈ ਤਾਂ ਉਨ੍ਹਾਂ ਨੂੰ ਸਬੂਤ ਇਕੱਠੇ ਕਰਨ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਪਰ ਮਕਾਨ ਖਾਲੀ ਨਹੀਂ ਕਰਵਾਏ ਜਾਣੇ ਚਾਹੀਦੇ। ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਗਮਾਡਾ ਨੂੰ ਇਨ੍ਹਾਂ ਮਕਾਨਾਂ 'ਚ ਰਹਿ ਰਹੇ ਦੰਗਾ ਪੀੜਤਾਂ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ। ਇਹ 27 ਸਾਲਾਂ ਤੋਂ ਇਥੇ ਰਹਿ ਰਹੇ ਹਨ। ਗਮਾਡਾ ਨੂੰ ਚਾਹੀਦਾ ਹੈ ਕਿ ਜੋ ਵੀ ਮਕਾਨਾਂ ਦੇ ਉੱਚਿਤ ਰੇਟ ਹੋਣ, ਉਨ੍ਹਾਂ ਤੋਂ ਲੈ ਕੇ ਉਨ੍ਹਾਂ ਨੂੰ ਮਕਾਨ ਅਲਾਟ ਕਰ ਦਿੱਤੇ ਜਾਣ। ਉਨ੍ਹਾਂ ਦਾ ਕਹਿਣਾ ਸੀ ਕਿ ਵੈਸੇ ਵੀ ਸਰਕਾਰਾਂ ਪੰਜਾਬ 'ਚ ਬਾਹਰੀ ਰਾਜਾਂ ਤੋਂ ਆ ਕੇ ਰਹਿ ਰਹੇ ਲੋਕਾਂ ਨੂੰ ਮਕਾਨ ਬਣਾ ਕੇ ਦਿੰਦੀਆਂ ਹਨ, ਠੀਕ ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਇਨ੍ਹਾਂ ਮਕਾਨਾਂ ਦੀ ਅਲਾਟਮੈਂਟ ਕੀਤੀ ਜਾਣੀ ਚਾਹੀਦੀ ਹੈ। ਕਾਹਲੋਂ ਦੇ ਨਾਲ ਜਗਦੀਸ਼ ਸਿੰਘ, ਜਸਰਾਜ ਸਿੰਘ ਸੋਨੂੰ, ਮਹਿੰਦਰ ਕੌਰ, ਜਸਵੀਰ ਕੌਰ ਸਰਨਾ, ਬਲਜੀਤ ਸਿੰਘ, ਨਰਿੰਦਰ ਸਿੰਘ, ਸੰਤੋਸ਼ ਕੌਰ, ਅਮਰਜੀਤ ਕੌਰ, ਬੀਬੀ ਮਿੰਨੀ, ਮੈਡਮ ਵੀਨਾ ਅਤੇ ਗੁਰਦੀਪ ਕੌਰ ਵੀ ਮੌਜੂਦ ਸਨ। ਸੰਪਰਕ ਕਰਨ 'ਤੇ ਗਮਾਡਾ ਦੀ ਈ. ਓ. ਸੁਖਵਿੰਦਰ ਕੁਮਾਰੀ ਨੇ ਕਿਹਾ ਕਿ ਅੱਜ ਲੋਕਾਂ ਦੇ ਵਿਰੋਧ ਕਾਰਨ ਗਮਾਡਾ ਵਲੋਂ ਮਕਾਨ ਖਾਲੀ ਕਰਵਾਉਣ ਦੀ ਕਾਰਵਾਈ ਰੋਕ ਦਿੱਤੀ ਗਈ ਹੈ ਪਰ ਮੰਗਲਵਾਰ ਨੂੰ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।